ਤਿਲਕ ਜੰਝੂ ਦਾ ਰਾਖਾ

ਮੁਗ਼ਲ ਰਾਜ ਦੇ ਅਹਿਲਕਾਰਾਂ ਨੇ
ਆਣ ਮਚਾਇਆ ਖੌਰੂੰ।
ਆਖਣ ਸਭ ਦੇ ਜੰਞੂ ਲਾਹ ਕੇ
ਵਿੱਚ ਇਸਲਾਮ ਲਿਆਉਣਾ।

ਕਸ਼ਮੀਰ ਤੋਂ ਚੱਲ ਅਨੰਦਪੁਰ ਆ ਕੇ
ਪੰਡਤਾਂ ਅਰਜ਼ ਗੁਜ਼ਾਰੀ।
ਮੁਗ਼ਲ ਬਾਦਸ਼ਾਹ ਵੈਰੀ ਬਣ ਕੇ
ਚਾਹੁੰਦਾ ਜ਼ੁਲਮ ਕਮਾਉਣਾ।

ਧਰਮ ਮਿਟਾਵੇ ਇੱਜ਼ਤ ਲੁੱਟੇ
ਪਤਿ ਪੈਰਾਂ ਵਿਚ ਰੋਲੇ।
ਆਖਣ ਬ੍ਰਾਹਮਣੀ ਧਰਮ ਦੇ ਰੁੱਖ ਨੂੰ
ਜੜ ਤੋਂ ਪਕੜ ਗਿਰਾਉਣਾ।

ਜਿਸਨੇ ਤੇਗ਼ ਬਹਾਦਰ ਬਣ ਕੇ
ਰਣ ਵਿਚ ਤੇਗ਼ ਚਲਾਈ।
ਓਸ ਗੁਰੂ  ਨੇ ਸ਼ਾਂਤ ਸਰੂਪ ਰਹਿ
ਚਾਹਿਆ ਹਿੰਦ ਬਚਾਉਣਾ।

ਸਿੱਖਾਂ ਸਣੇ ਸ਼ਹਾਦਤ ਦਿੱਤੀ
ਚੌਂਕ ਚਾਂਦਨੀ ਜਾ ਕੇ।
ਉਸਨੇ ਪੱਥਰ ਦਿਲ ਨੂੰ ਚਾਹਿਆ
ਲਹੂ ਨਾਲ ਪਿਘਲਾਉਣਾ।

ਨੌਵੇਂ ਗੁਰੂ ਦੇ ਬਲੀਦਾਨ ਤੋਂ
ਪੱਥਰ ਪਿਘਲ ਨਾ ਸਕਿਆ।
ਉਸ ਦੇ ਪੁੱਤਰ ਗੋਬਿੰਦ ਰਾਏ ਨੇ
ਚਾਹਿਆ ਪੰਥ ਸਜਾਉਣਾ।

ਪਰਮਾਤਮ ਦੀ ਮੋਜ ਆਸਰੇ
ਖ਼ਾਲਸਾ ਫ਼ੌਜ ਬਣਾਈ।
ਜਿਸਨੇ ਨਾਅਰਾ ਲਾ ਦਿੱਤਾ
ਅਸਾਂ ਜ਼ਾਲਮ ਰਾਜ ਮੁਕਾਉਣਾ।

ਖੰਡਾ ਫੜ ਕੇ ਖ਼ਾਲਸੇ ਨੇ ਜਦ
ਰਾਜ ਨਾਲ ਲਈ ਟੱਕਰ
ਮਿੱਥ ਲਿਆ ਮਜ਼ਲੂਮਾਂ ਖ਼ਾਤਰ
ਰਾਜ ਤਖ਼ਤ ਉਲਟਾਉਣਾ।

ਦੇਸ਼ ਬਚਾਇਆ ਕੌਮ ਬਚਾਈ,
ਧਰਮ ਦੀ ਕੀਤੀ ਰਾਖੀ,
ਰੂਪ ਨਿਆਰਾ ਧਾਰ ਕੇ ਸਿੰਘਾਂ
ਜੈਕਾਰਾ ਨਿੱਤ ਗਜਾਉਣਾ।

ਅੱਜ ਅਜ਼ਾਦ ਦੇਸ਼ ਦੇ ਅੰਦਰ
ਹਿੰਦ ਬੇੜੇ ਦੇ ਵਾਰਸ
ਡੁਬਦਾ ਬੇੜਾ ਜਿਨਾਂ ਬਚਾਇਆ
ਉਨਾਂ ਨੂੰ ਚਾਹੁਣ ਮੁਕਾਉਣਾ।

ਤਿਲਕ ਜੰਝੂ ਦੇ ਰਾਖੇ ਦੀ ਅੱਜ
ਭੁੱਲ ਗਏ ਕੁਰਬਾਨੀ।
ਉਸ ਦੇ ਪੈਰੋਕਾਰਾਂ ਦਾ ਹੁਣ
ਕਹਿੰਦੇ ਖੁਰਾ ਮਿਟਾਉਣਾ।

ਕੌਣ ਮਿਟੇਗਾ? ਕੌਣ ਰਹੇਗਾ?
ਇਹ ਤਾਂ ਸਮਾਂ ਹੀ ਦੱਸੂ।
ਮੌਤ ਵਿਚੋਂ ਜੋ ਜੀਵਨ ਲੱਭੇ
ਉਹਨੂੰ ਕਿਨੇ ਮੁਕਾਉਣਾ।

Leave a Reply

Your email address will not be published.