ਅਮਰ ਜੀਵਨ ਦਾ ਸ੍ਰੋਤ

ਅੱਜ ਇਸ ਬਾਗ਼ ਦੇ ਖੇੜੇ ਨੂੰ
ਕਿਉਂ ਜਾਲਮਾਂ ਆ ਕੇ ਲੁੱਟਿਆ ਏ
ਕਿਸੇ ਨੇ ਫਲ ਤੋੜੇ,
ਫੁੱਲ ਕਿਸੇ ਨੇ ਮਰੋੜੇ,
ਕਿਸੇ ਨੇ ਜੜ ਤੋਂ ਫੜ ਕੇ
ਬੂਟਾ ਹੀ ਪੁੱਟਿਆ ਏ।
ਜੀਅ ਦਾਨ ਜਿੱਥੋਂ ਮਿਲਦਾ
ਕਤਲਾਮ ਹੋਈ ਓਥੇ
ਦੇਂਦਾ ਜੋ ਅਮਰ ਜੀਵਨ
ਮੌਤ ਆਮ ਹੋਈ ਓਥੇ,
ਅੰਮ੍ਰ੍ਰਿਤ ਬੂੰਦ ਜਿੱਥੇ ਵਰਦੀ
ਵੇਖੋ ਹਨੇਰ ਕਿੰਨਾ
ਮੀਂਹ ਗੋਲੀਆਂ ਦਾ ਵੱਸਿਆ।
ਇਹ ਤਾਂ ਹਰੀ ਦਾ ਮੰਦਰ
ਕਿਸੇ ਨਾ ਉਹਨੂੰ ਦੱਸਿਆ।

ਨਾ ਕੋਈ ਫੋਨ ਨਾ ਤਾਰਾਂ ਪਹੁੰਚਣ
ਇੱਕ ਦੂਜੇ ਤੋਂ ਟੁੱਟ ਗਏ ਸਾਰੇ।
ਤੜਫਣ ਲੁੱਛਣ ਬੈਠ ਘਰਾਂ ਵਿਚ
ਕਿਸੇ ਨਾ ਕੋਈ ਆਦੇਸ਼ ਸੀ ਪਾਇਆ।
ਫਿਰ ਵੀ ਸਿੰਘਾਂ ਘੱਤ ਵਹੀਰਾਂ
ਅੰਮ੍ਰਿਤ ਸਰ ਵੱਲ ਕਦਮ ਵਧਾਇਆ।
ਭਾਵੇਂ ਫ਼ੌਜਾਂ ਉਨਾਂ ਤਾਈਂ ਸੀ
ਸ਼ਹਿਰੋਂ ਬਾਹਰ ਹੀ ਰੋਕ ਰਖਾਇਆ।
ਪਰ ਅੰਦਰ ਬੈਠਿਆਂ ਤਿੰਨ ਦਿਨ ਪੂਰੇ
ਪੇਸ਼ ਫੌਜ ਦੀ ਜਾਣ ਨਾ ਦਿੱਤੀ।
ਤੋਪਾਂ ਦੇ ਮੂੰਹ ਮੋੜ ਵਿਖਾਏ
ਸਿੰਘਾਂ ਐਸਾ ਜ਼ੋਰ ਵਿਖਾਇਆ।
ਦੰਦ ਖੱਟੇ ਜਦ ਹੋਏ ਸੈਨਾ ਦੇ
ਟੈਂਕ ਹਾਕਮਾਂ ਭੇਜ ਸੀ ਦਿੱਤੇ,
ਸਾਡਾ ਹਾਕਮ ਸਾਡੇ ਉੱਤੇ
ਵੈਰੀਆਂ ਵਾਗੂੰ ਚੜਕੇ ਆਇਆ।
ਦੁੱਧ ਚਿੱਟੀ ਪਰਿਕਰਮਾ ਅੰਦਰ
ਨਿਰਦੋਸ਼ ਲਹੂ ਦੀ ਨਦੀ ਵਸਾਈ
ਅੰਮ੍ਰਿਤ ਸਰ ਦੇ ਪਾਵਨ ਜਲ ਵਿੱਚ
ਲਾਲ ਲਹੂ ਦਾ ਰੰਗ ਰਲਾਇਆ।
ਹਰਿ ਦਾ ਮੰਦਰ ਦਿਲ ਜੋ ਸਾਡਾ
ਗੋਲੀਆਂ ਨਾਲ ਛਾਨਣੀ ਕੀਤਾ,
ਗੁਰ ਦੇ ਢਾਡੀਆਂ ਪਾਠੀਆਂ ਨੂੰ ਵੀ
ਜਾਮਿ ਸ਼ਹੀਦੀ ਆਣ ਪਿਲਾਇਆ।
ਗੁਰੂ ਗ੍ਰੰਥ ਸਰੂਪ ਅਨੇਕਾਂ
ਅਗਨ ਭੇਟ ਸੀ ਕੀਤੇ ਉਹਨਾਂ
ਗੋਲੀਆਂ ਨਾਲ ਉਨਾਂ ਦੇ ਸੀਨਿਆਂ
ਸਣੇ ਰੁਮਾਲਾਂ ਵਿੰਨ ਵਿਖਾਇਆ।
ਕਾਲ ਰਹਿਤ ਸਿੰਘਾਸਨ ਗੁਰ ਦਾ
ਵੈਰੀਆਂ ਨੇ ਢਾਹ ਢੇਰੀ ਕੀਤਾ,
ਮੱਸ ਫੁੱਟਦੇ ਲਾਲਾਂ ਨੂੰ ਫੜ ਫੜ
ਸੱਚ ਖੰਡ ਦੇ ਰਸਤੇ ਪਾਇਆ।
ਮਾਵਾਂ ਸਾਹਵੇਂ ਬੱਚੇ ਕੋਹੇ
ਭੈਣਾਂ ਸਨਮੁਖ ਵੀਰ ਕਹਾਏ,
ਰੋਲੇ ਕਈ ਸੁਹਾਗ ਮਿੱਟੀ ਵਿੱਚ
ਬਾਲਾਂ ਤਾਈਂ ਯਤੀਮ ਕਰਾਇਆ।
ਸਰ ਦੇ ਕੰਢੇ ਪਰ ਤ੍ਰਿਹਾਏ
ਮੰਗਿਆਂ ਜਦ ਨਾ ਮਿਲਦਾ ਪਾਣੀ
ਲਹੂ ਪਿਸ਼ਾਬ ਮਿਲਾ ਕੇ ਸ਼ਰਬਤ
ਅੰਤ ਸਮੇਂ ਕਈਆਂ ਮੂੰਹ ਪਾਇਆ
ਕੌਮ ਦੇ ਹੀਰੇ ਲਾਲ ਗੁਰੂ ਦੇ
ਹੱਸਦੇ ਹੱਸਦੇ ਵਾਰ ਗਏ ਆਪਾ,
ਫ਼ਤਹ ਸਿੰਘ ਜਿਹੇ ਬਾਲਾਂ ਨੇ ਵੀ
ਕਾਲ ਸਾਹਵੇਂ ਅਕਾਲ ਗਜਾਇਆ।

ਭੁੱਲ ਚੁੱਕੇ ਇਤਿਹਾਸ ਅਸੀਂ ਜੋ
ਉਹਨਾਂ ਫਿਰ ਸੁਰਜੀਤ ਜਾ ਕੀਤਾ,
ਜਿਨਾਂ ਨੇ ਆਨ ਧਰਮ ਦੀ ਖ਼ਾਤਰ
ਮੌਤ ਖਾੜੀ ਨੂੰ ਹੱਸ਼ ਪਰਨਾਇਆ।
ਸਾਡਾ ਹਾਲ ਨਿਵਾਸ ਜਾਂ ਦਫਤਰ
ਕੋਈ ਨਾ ਬਚਿਆ ਸੈਨਾ ਕੋਲੋਂ
ਹੱਥੀ ਲਿਖੇ ਗ੍ਰੰਥਾਂ ਨੂੰ ਵੀ
ਬਸੰਤਰ ਦੇਵ ਦੀ ਭੇਟ ਚੜਾਇਆ।
ਕਿੰਨੇ ਗੁਰੂ ਦੀ ਗੋਦ ਜਾ ਪਹੁੰਚੇ
ਗਿਣਤੀ ਕਰਕੇ ਦੱਸ ਨਾ ਸਕੀਏ,
ਪੰਜ ਅੰਕਾਂ ਤੋਂ ਵੱਧ ਹੀ ਹੋਸਣ
ਜਿੰਨਿਆਂ ਕੁ ਦਾ ਲਹੂ ਡੁਲਾਇਆ।
ਸਾਰੇ ਪੂਜਯ ਸਥਾਨਾਂ ਅੰਦਰ
ਲਗਭਗ ਇਹੋ ਜਿਹੇ ਸਾਕੇ ਹੋਏ
ਪਰ ਸੈਂਸਰ ਦੇ ਕਾਰਣ ਸਾਨੂੰ
ਸਹੀ ਹਾਲ ਨਾ ਕਿਸੇ ਪੁਚਾਇਆ।
ਰੂਹ ਸਾਡੀ ਨੂੰ ਖੰਡਰ ਕੀਤਾ
ਪਰ ਉਸ ਨੂੰ ਅਸੀਂ ਵੇਖ ਨਾ ਸਕੀਏ।
ਕਾਰ ਸੇਵਾ ਦਾ ਲਾ ਕੇ ਲੇਬਲ
ਹੁਣ ਵਿਗੜੀ ਨੂੰ ਢਾਹੁਣ ਬਣਾਇਆ।
ਰਾਜ ਤਖ਼ਤ ਦੇ ਸਾਬਕਾ ਨੇ ਫਿਰ
ਸੰਤੇ ਨੂੰ ਲਾ ਆਪਨੇ ਅੱਗੇ।
ਸ਼ੇਰ ਦੀ ਖੱਲ ਪਵਾ ਕੇ ਗਧਿਆਂ
ਇਕੱਠ ਖਾਲਸਾ ਕਰ ਦਿਖਲਾਇਆ
ਚਾਂਦੀ ਦੇ ਫੜ ਚਿੱਤਰ ਮਾਰੇ
ਸੀਤੇ ਉਨਾਂ ਨੇ ਨਕਲੀ ਬਾਣੇ,
ਭਈਆ ਲਸ਼ਕਰ ਕਰਕੇ ਕੱਠਾ
ਸਰਬਤ ਖ਼ਾਲਸਾ ਨਾਮ ਧਰਾਇਆ।
ਸਿੱਖ ਕਾਨਵੈਨਸ਼ਨ ਤੇ ਲਾ ਰੋਕਾਂ
ਥਾਂ ਥਾਂ ਫ਼ੌਜ ਦੀ ਟੁਕੜੀ ਭੇਜੀ
ਲੱਖਾਂ ਸਿੰਘਾਂ ਫਿਰ ਵੀ ਜਾ ਕੇ
ਜੌਹਰ ਆਪਣਾ ਖ਼ੂਬ ਦਿਖਾਇਆ
ਨਿਤ ਨਵੀਂ ਪ੍ਰਭਾਤ ਜੋ ਆਵੇ
ਜ਼ੁਲਮ ਦੀ ਨਦੀਂ ਸੁਣਾਏ ਗਾਥਾ
ਫਿਰ ਵੀ ਸਿੰਘਾਂ ਕੱਠੇ ਹੋ ਕੇ
ਸ਼ਾਂਤ ਮਈ ਦਾ ਪ੍ਰਣ ਨਿਭਾਇਆ
ਜਿਨਾਂ ਨੇ ਪੀਤੀ ਪਾਹੁਲ ਖੰਡੇ ਦੀ
ਦੇਸ਼ ਲਈ ਜੋ ਆਪਾ ਵਾਰਨ
ਨਾਲ ਬਹਾਨੇ ਭੁੰਨੇ ਜਾਂਦੇ
ਫਿਰ ਵੀ ਸਿੰਘਾਂ ਦਿਲ ਨਾ ਢਾਹਿਆ
ਖੰਡੇ ਧਾਰ ਚੋਂ ਪੈਦਾ ਹੋਏ
ਗੋਲੀਆਂ ਦੀ ਵਾਛੜ ਵਿਚ ਨਾਉਂਦੇ
ਇੰਦਰਾ ਚੰਡੀ ਦੀ ਇਸ਼ ਛਹਿਬਰ
ਅਜੇ ਨਾ ਸ਼ੇਰਾਂ ਤਾਈਂ ਡੁਲਾਇਆ

ਨਾਦਰ ਸ਼ਾਹੀ ਕਤਲੇਆਮ ਦਾ ਆਧੁਨਿਕ ਸਰੂਪ

ਪੰਜਵੇਂ ਪਿਤਾ ਦਾ ਪੁਰਬ ਸ਼ਹਾਦਤ
ਜਾਮਿ ਅਦੁੱਤੀ ਲੈ ਕੇ ਆਇਆ।
ਦੋ ਦਿਨ ਪਹਿਲਾਂ ਰੱਬ ਦੇ ਘਰ ਨੂੰ
ਅੱਜ ਦੇ ਮੁਗਲਾਂ ਘੇਰਾ ਪਾਇਆ।
ਕਲਗੀ ਧਰ ਦੇ ਬੀਰ ਸਪੂਤਾਂ
ਪਿਤਾ ਭਰੋਸੇ ਡੌਲੇ ਤਾਣੇ।
ਸੀਸ ਤਲੀ ਤੇ ਧਰਕੇ ਉਹਨਾਂ
ਵੈਰੀਆਂ ਦਾ ਸੀ ਆਹੂ ਲਾਹਿਆ।

ਸਾਡੇ ਚੁਣੇ ਹਾਕਮਾਂ ਸਾਡੇ
ਰਾਹਾਂ ਨੂੰ ਸੀ ਬੰਦ ਕਰਾਇਆ।
ਰੇਲਾਂ ਬੱਸਾਂ ਅਤੇ ਹੋਰ ਸਾਧਨਾਂ
ਸਭਨਾਂ ਉੱਤੇ ਬੈਨ ਸੀ ਲਾਇਆ।
ਸ਼ਹਿਰ ਤੋਂ ਕੀ ਬਾਹਰ ਸੀ ਜਾਣਾ
ਘਰਾਂ ਅੰਦਰ ਬੰਦ ਕੀਤਾ ਸਭ ਨੂੰ
ਸਿਰੀਆਂ ਕੱਢ ਕੋਈ ਬਾਹਰ ਨਾ ਵੇਖੇ
ਕਰੜਾ ਫੌਜੀ ਪਹਿਰਾ ਲਾਇਆ

ਦੁਆਰ ਗੁਰੂ ਪੰਜਾਬ ‘ਚ ਜਿਹੜੇ
ਸਭ ਤੇ ਸੈਨਾ ਕਬਜ਼ਾ ਕੀਤਾ
ਗੁਰੂ ਪਿਆਰ ਵਿੱਚ ਜੁੜਿਆਂ ਤਾਈਂ
ਬਿਨ ਦੱਸੇ ਪਰਲੋਕ ਪੁਚਾਇਆ।
ਅਗੋਂ ਕੀ ਹੋਣਾ ਹੈ ਇੱਥੇ
ਇਸ ਬਾਰੇ ਕੁੱਝ ਕਹਿ ਨਾ ਸਕੀਏ
ਬੀਤ ਗਈ ਦਾ ਸਹੀ ਕਿੱਸਾ ਵੀ
ਕਿਸੇ ਢੰਗ ਨਾ ਜਾਏ ਸੁਣਾਇਆ

ਹਿਰਦੇ ਜਿਸ ਦੇ ਨਾਮ ਬਸੇਰਾ

ਹਿਰਦੇ ਜਿਸ ਦੇ ਨਾਮ ਬਸੇਰਾ
ਲਿਵ ਸਦਾ ਉਸ ਜੁੜੀ ਹੈ ਰਹਿੰਦੀ।
ਪ੍ਰੇਮ ਤਾਰ ਜਿਸ ਰਿਦੇ ਪਰੋਤੀ
ਮੇਲ ਭੁੱਖ ਸਭ ਉਸਦੀ ਲਹਿੰਦੀ।
ਨਾਮ ਰਸ ਜੋ ਰਸਨਾ ਮਾਤੀ
ਰਸਿਕ ਰਸਿਕ ਗੁਣ ਗਾਉਂਦੀ ਰਹਿੰਦੀ।
ਤਿਆਗ ਦੇਵੇ ਸਭ ‘ਮੇਰਾ ਮੇਰਾ’
‘ਤੇਰਾ ਤੇਰਾ’ ਨਿਤ ਰਸਨਾ ਕਹਿੰਦੀ।

ਇਕ ਰੂਪ ਨੇ ਨਾਮ ਤੇ ਨਾਮੀ
ਜੋ ਨਾਮ ਜਪੇ ਨਾਮੀ ਨੂੰ ਪਾਵੇ।
ਕੰਵਲ ਜਿਵੇਂ ਨਿਰਲੇਪ ਹੈ ਰਹਿੰਦਾ
ਮਾਇਆ ਜਾਲ ਉਸ ਨਹੀਂ ਫਸਾਂਦੇ।
ਗੁਰਬਾਣੀ ਹੈ ਇੱਕ ਦਾਇਰਾ ਵੱਡਾ
ਇਸ ਦਾ ਕੇਂਦਰ ਨਾਮ ਨੂੰ ਜਾਣੋ
ਭਵ ਸਾਗਰ ਨੂੰ ਪਾਰ ਕਰਨ ਲਈ
ਨਾਮ ਬਾਣੀ ਨੂੰ ਬੋਹਿਥ ਪਛਾਣੋ
ਗੁਰਬਾਣੀ ਦੀ ਓਟ ਲਏ ਬਿਨ
ਹੋਰ ਯਤਨ ਸਭ ਬਿਰਥਾ ਜਾਣੋ।
ਗੁਰਬਾਣੀ ਵਿਚ ਹਨ ਰਤਨ ਅਮੋਲਕ
ਨਾਮ ਰਤਨ ਨਿਰਮੋਲਕ ਜਾਣੋ।
ਨਾਮ ਹੀਰੇ ਨੂੰ ਪਾਵਣ ਦੇ ਲਈ
ਬਾਣੀ ਵਿਚ ਹੈ ਜਗਦੀ ਜੋਤੀ।
ਗੁਰੂ ਗ੍ਰੰਥ ਹੈ ਬਾਣੀ ਸਾਗਰ
ਇਸ ਚੋਂ ਪਾਵੋ ਨਾਮ ਦੇ ਮੋਤੀ।

ਨਾਮ ਨੂੰ ਸੱਚਾ ਤੀਰਥ ਜਾਣੋ

ਨਾਮ ਨੂੰ ਸੱਚਾ ਤੀਰਥ ਜਾਣੋ।
ਨਾਮ ਬਿਨਾਂ ਨਹੀਂ ਤੀਰਥ ਕੋਈ
ਨਿਰਭਉ ਨਾਮ ਸਭ ਭਉ ਮਿਟਾਵੇ
ਕਰੇ ਪਵਿੱਤ ਦੁਰਮਤਿ ਸਭ ਧੋਈ
ਵੈਰ ਗੁਆ ਨਿਰਵੈਰ ਬਣਾਉਂਦਾ
ਸਭਨਾਂ ਵਿਚ ਪ੍ਰਭ ਜੋਤ ਸਮੋਈ।
ਤੀਰਥ ਨਾਤੇ ਮੁਕਿਤ ਨਾ ਪਾਈਏ
ਇਕ ਭਉ ਜਾਵੇ ਦੋਇ ਹੋਰ ਲਗੋਈ

ਜਲ ਵਿਚ ਨਾਤੇ ਜੇ ਪ੍ਰ੍ਰਭ ਮਿਲਦਾ
ਮੱਛ ਡੱਡੂ ਸਭ ਪ੍ਰਭ ਨੂੰ ਪਾਂਦੇ।
ਟਰ ਟਰ ਟਰ ਟਰ ਕਰਨ ਲਈ ਫਿਰ
ਕਦੇ ਨਾ ਜਗ ਵਿੱਚ ਫੇਰ ਉਹ ਆਂਦੇ।

ਝੂਠੀ ਦੁਨੀਆ ਝੂਠ ਕਮਾਵੇ

ਝੂਠੀ ਦੁਨੀਆ ਝੂਠ ਕਮਾਵੇ
ਝੂਠਾ ਹੋਏ ਉਸ ਦਾ ਵਿਉਹਾਰ ।
ਸੌਦਾ ਨਫ਼ੇਵੰਦ ਜੋ ਕਹਿੰਦੇ
ਉਹ ਸੌਦਾ ਸਭ ਬਿਨਸਨ ਹਾਰ।
ਸੱਚ ਪ੍ਰੇਮ ਜਿਸ ਰਿਦੇ ਵਸਾਇਆ
ਉਹ ਹੀ ਨਾਮ ਧਿਆਵਨ ਹਾਰ।
ਰਸਨਾ ਰਾਮ ਨਾਮ ਸਦ ਉਚਰੇ
ਸਦ ਮਾਣਦੀ ਸਦ ਰਸਨਾਰ।
ਮਨ ਵਿਚ ਪ੍ਰੇਮ ਹੋਏ ਜਿਸ ਗੁਰਮੁਖ
ਉਸਦੀ ਰਸਨਾ ਵਸਦਾ ਨਾਮ।
ਰਸਨਾ ਤੋਂ ਫਿਰ ਕੰਠ ਦੇ ਰਾਹੀਂ
ਹਿਰਦੇ ਵਿਚ ਹੈ ਧਸਦਾ ਨਾਮ।

ਰਾਮ ਨਾਮ ਜਿਸ ਰਿਦੇ ਵਸਾਇਆ

ਰਾਮ ਨਾਮ ਜਿਸ ਰਿਦੇ ਵਸਾਇਆ
ਅਕਥ ਕਥਾ ਉਸ ਕਥੀ ਨਾ ਜਾਏ
ਨਾਮੀ ਪ੍ਰੇਮ ਜਿਸ ਰਿਦੇ ਵਸਾਇਆ
ਰੂਪ ਉਹਦਾ ਕੋਈ ਕਹਿ ਨਾ ਸਕਾ
ਨਾਮ ਨਾਮੀ ਇਕ ਰੂਪ ਹੀ ਜਾਣੇ
ਨਾਮੀ ਨਿਤ ਨਿਤ ਨਾਮ ਸਮਾਏ।
ਨਾਮੀ ਨੂੰ ਜੋ ਪਾਉਣਾ ਚਾਹੇ
ਅੱਠੇ ਪਹਿਰ ਉਹ ਨਾਮ ਧਿਆਏ
ਰਾਮ ਨਾਮ ਜਿਸ ਰਿਦੇ ਵਸਾਇਆ
ਪਾਪ ਮੈਲ ਸਭ ਉਨਾਂ ਗਵਾਈ
ਪਾਵਨ ਪਵਿਤ ਜਿਸ ਰਿਦਾ ਬਨਾਉਣਾ
ਇੱਕ ਮਨ ਇੱਕ ਚਿਤ ਨਾਮ ਧਿਆਈ।

ਨਾਮ ਧਨ ਹੈ ਸਭ ਤੋਂ ਉੱਚਾ

ਨਾਮ ਸੰਗ ਜਿਸ ਪ੍ਰੀਤ ਲਗਾਈ
ਨਾਮ ਬਿਨਾ ਜਿਊਣਾ ਨਹੀਂ ਪਾਇ।
ਨਾਮ ਬਿਨਾਂ ਨਹੀ ਕੋਈ ਸਹਾਰਾ
ਨਾਮ ਪ੍ਰਭੂ ਦਾ ਰੂਪ ਕਹਾਇ।
ਜੋ ਜਨ ਨਾਮ ਵਿਹੂਣਾ ਰਹਿੰਦਾ
ਮੂੰਹ ਕਾਲਾ ਨਿੱਤ ਆਪ ਕਰਾਇ।
ਜਿਸ ਤੇ ਹੋਵੇ ਨਦਰ ਪ੍ਰਭੂ ਦੀ
ਦਾਤ ਅਮੁੱਲੀ ਨਾਮ ਦੀ ਪਾਇ।
ਰਾਮ ਨਾਮ ਹੈ ਸਭ ਤੋਂ ਉੱਚਾ
ਇਸ ਤੱਕ ਪਹੁੰਚ ਕੋਈ ਵਿਰਲਾ ਪਾਏ।
ਬ੍ਰਖ਼ਸ਼ਿਸ਼ ਸੰਗ ਨਿਤ ਨਾਮ ਧਿਆਵੇ
ਵਿਰਲਾ ਕੋਈ ਉਸ ਰਿਦੇ ਵਸਾਏ।

ਤਿਲਕ ਜੰਝੂ ਦਾ ਰਾਖਾ

ਮੁਗ਼ਲ ਰਾਜ ਦੇ ਅਹਿਲਕਾਰਾਂ ਨੇ
ਆਣ ਮਚਾਇਆ ਖੌਰੂੰ।
ਆਖਣ ਸਭ ਦੇ ਜੰਞੂ ਲਾਹ ਕੇ
ਵਿੱਚ ਇਸਲਾਮ ਲਿਆਉਣਾ।

ਕਸ਼ਮੀਰ ਤੋਂ ਚੱਲ ਅਨੰਦਪੁਰ ਆ ਕੇ
ਪੰਡਤਾਂ ਅਰਜ਼ ਗੁਜ਼ਾਰੀ।
ਮੁਗ਼ਲ ਬਾਦਸ਼ਾਹ ਵੈਰੀ ਬਣ ਕੇ
ਚਾਹੁੰਦਾ ਜ਼ੁਲਮ ਕਮਾਉਣਾ।

ਧਰਮ ਮਿਟਾਵੇ ਇੱਜ਼ਤ ਲੁੱਟੇ
ਪਤਿ ਪੈਰਾਂ ਵਿਚ ਰੋਲੇ।
ਆਖਣ ਬ੍ਰਾਹਮਣੀ ਧਰਮ ਦੇ ਰੁੱਖ ਨੂੰ
ਜੜ ਤੋਂ ਪਕੜ ਗਿਰਾਉਣਾ।

ਜਿਸਨੇ ਤੇਗ਼ ਬਹਾਦਰ ਬਣ ਕੇ
ਰਣ ਵਿਚ ਤੇਗ਼ ਚਲਾਈ।
ਓਸ ਗੁਰੂ  ਨੇ ਸ਼ਾਂਤ ਸਰੂਪ ਰਹਿ
ਚਾਹਿਆ ਹਿੰਦ ਬਚਾਉਣਾ।

ਸਿੱਖਾਂ ਸਣੇ ਸ਼ਹਾਦਤ ਦਿੱਤੀ
ਚੌਂਕ ਚਾਂਦਨੀ ਜਾ ਕੇ।
ਉਸਨੇ ਪੱਥਰ ਦਿਲ ਨੂੰ ਚਾਹਿਆ
ਲਹੂ ਨਾਲ ਪਿਘਲਾਉਣਾ।

ਨੌਵੇਂ ਗੁਰੂ ਦੇ ਬਲੀਦਾਨ ਤੋਂ
ਪੱਥਰ ਪਿਘਲ ਨਾ ਸਕਿਆ।
ਉਸ ਦੇ ਪੁੱਤਰ ਗੋਬਿੰਦ ਰਾਏ ਨੇ
ਚਾਹਿਆ ਪੰਥ ਸਜਾਉਣਾ।

ਪਰਮਾਤਮ ਦੀ ਮੋਜ ਆਸਰੇ
ਖ਼ਾਲਸਾ ਫ਼ੌਜ ਬਣਾਈ।
ਜਿਸਨੇ ਨਾਅਰਾ ਲਾ ਦਿੱਤਾ
ਅਸਾਂ ਜ਼ਾਲਮ ਰਾਜ ਮੁਕਾਉਣਾ।

ਖੰਡਾ ਫੜ ਕੇ ਖ਼ਾਲਸੇ ਨੇ ਜਦ
ਰਾਜ ਨਾਲ ਲਈ ਟੱਕਰ
ਮਿੱਥ ਲਿਆ ਮਜ਼ਲੂਮਾਂ ਖ਼ਾਤਰ
ਰਾਜ ਤਖ਼ਤ ਉਲਟਾਉਣਾ।

ਦੇਸ਼ ਬਚਾਇਆ ਕੌਮ ਬਚਾਈ,
ਧਰਮ ਦੀ ਕੀਤੀ ਰਾਖੀ,
ਰੂਪ ਨਿਆਰਾ ਧਾਰ ਕੇ ਸਿੰਘਾਂ
ਜੈਕਾਰਾ ਨਿੱਤ ਗਜਾਉਣਾ।

ਅੱਜ ਅਜ਼ਾਦ ਦੇਸ਼ ਦੇ ਅੰਦਰ
ਹਿੰਦ ਬੇੜੇ ਦੇ ਵਾਰਸ
ਡੁਬਦਾ ਬੇੜਾ ਜਿਨਾਂ ਬਚਾਇਆ
ਉਨਾਂ ਨੂੰ ਚਾਹੁਣ ਮੁਕਾਉਣਾ।

ਤਿਲਕ ਜੰਝੂ ਦੇ ਰਾਖੇ ਦੀ ਅੱਜ
ਭੁੱਲ ਗਏ ਕੁਰਬਾਨੀ।
ਉਸ ਦੇ ਪੈਰੋਕਾਰਾਂ ਦਾ ਹੁਣ
ਕਹਿੰਦੇ ਖੁਰਾ ਮਿਟਾਉਣਾ।

ਕੌਣ ਮਿਟੇਗਾ? ਕੌਣ ਰਹੇਗਾ?
ਇਹ ਤਾਂ ਸਮਾਂ ਹੀ ਦੱਸੂ।
ਮੌਤ ਵਿਚੋਂ ਜੋ ਜੀਵਨ ਲੱਭੇ
ਉਹਨੂੰ ਕਿਨੇ ਮੁਕਾਉਣਾ।