Tag Archives: essay

ਖਾਲਸਾ ਅਕਾਲ ਪੁਰਖ ਦੀ ਫੌਜ

ਡਾ.ਕੁਲਦੀਪ ਕੌਰ ਪੀ.ਐਚ.ਡੀ,
ਕੋਠੀ ਨੰ:964, ਫੇਸ-11, ਮੋਹਾਲੀ|
ਮੋਬਾਇਲ ਨੰ: 98159-27207

ਦਸ਼ਮੇਸ਼ ਪਿਤਾ ਦੀ ਰਚਨਾ ”ਬਚਿਤ੍ਰ ਨਾਟਕ” ਵਿਚ ਜੋ ਬਚਿਤ੍ਰ ਕਥਾ ਬਿਆਨ ਕੀਤੀ ਗਈ ਹੈ, ਉਹ ਸੱਚ ਸਿਰਜਣਹਾਰੇ ਦਾ ਇਕ ਸੱਚਾ ਨਾਟਕ ਹੀ ਤਾਂ ਹੈ| ਇਸ ਰਾਹੀਂ ਪਾਰਬ੍ਰਹਮ ਦੀ ਲੀਲ੍ਹਾ ਪ੍ਰਗਟ ਹੁੰਦੀ ਹੈ| ਹੇਮ ਕੁੰਟ ਵਾਲੇ ਤਪੱਸਵੀ ਨੇ ”ਤਹ ਹਮ ਅਧਿਕ ਤਪੱਸਿਆ ਸਾਧੀ” ਕਹਿਕੇ ”ਦਵੈ ਤੇ ਏਕ ਰੂਪ ਹ੍ਵੈ ਗਇਓ” ਵਾਲੇ ਪਦ ਤੇ ਪਹੁੰਚਦਿਆਂ, ਪਾਰਬ੍ਰਹਮ ਨਾਲ ਅਭੇਦਤਾ ਵਾਲੀ ਅਵਸਥਾ ਅਤੇ ਮੇਲ-ਆਨੰਦ ਦੇ ਰਸ ਰੰਗ ਨਾਲੋਂ ਵਿਛੋੜਾ ਸਹਾਰਨਾ ਮਨਜ਼ੂਰ ਕੀਤਾ ਅਤੇ ਪਿਤਾ ਪਰਮੇਸ਼ਰ ਦੀ ਆਗਿਆ ਨਾਲ ਇਸ ਸੜਦੇ ਬਲਦੇ ਸੰਸਾਰ ਵਿਚ ਨਾਮ ਅੰਮ੍ਰਿਤ ਦੀ ਵਰਖਾ ਕਰਨ ਵਾਲੀ ਜੋਤ ਦੇ ਪ੍ਰਕਾਸ਼ ਹਿਤ ਦਸਵਾਂ ਜਾਮਾ ਧਾਰ ਕੇ ਜੀਵ-ਉਧਾਰ ਵਾਸਤੇ ਸੰਸਾਰ ਵਿਚ ਆਏ| ਪ੍ਰਭੂ ਚਰਨਾਂ ਨਾਲੋਂ ਵਿਛੜਨਾ ਨਹੀਂ ਸੀ ਚਾਹੁੰਦੇ ਪਰ:-
ਜੈਸੀ ਆਗਿਆ ਕੀਨੀ ਠਾਕੁਰ ਤਿਸਤੇ ਮੁਖ ਨਹੀਂ ਮੋਰਿਓ||
ਸਹਜੁ ਅਨੰਦੁ ਰਖਿਓ ਗ੍ਰਿਹਿ ਭੀਤਰਿ ਉਠ ਉਆਹੂ ਕਉ ਦਉਰਿਓ|| ਪੰਨਾ 1000
ਸੰਸਾਰ ਦੇ ਲੋਕਾਂ ਨੂੰ ਪ੍ਰਭੂ ਪਿਤਾ ਦਾ ਹੁਕਮ ਮੰਨਣ ਦਾ ਪਾਠ ਪੜ੍ਹਾਇਆ| ਨਾ ਚਾਹੁੰਦਿਆਂ ਹੋਇਆ ਵੀ ਸਰੀਰਕ ਵਿਛੋੜਾ ਤਾਂ ਸਹਾਰਿਆ, ਪਰ ਸੁਰਤੀ ਦਾ ਮੇਲ ਨਹੀਂ ਟੁੱਟਣ ਦਿੱਤਾ:-
ਚਿਤ ਨ ਭਯੋ ਹਮਰੋ ਆਵਨ ਕਹ|| ਚੁਭੀ ਰਹੀ ਸ੍ਰ੍ਰ੍ਰੁਤਿ ਪ੍ਰਭ ਚਰਨਨ ਮਹ|| (ਬਚਿਤ੍ਰ ਨਾਟਕ)
”ਪੰਥ ਪ੍ਰਚੁਰ ਕਰਬੇ ਕਉ ਸਾਜਾ” ਦੇ ਆਦੇਸ਼ ਦੀ ਪੂਰਨਤਾ ਵਾਸਤੇ ਪੈਂਡਾ ਆਰੰਭ ਹੋਇਆ| ਪ੍ਰਭੂ ਚਰਨਾਂ ਵਿਚ ਜੁੜੀ ਹੋਈ ਸੁਰਤ ਨੇ ਮਾਤ ਲੋਕ ਵਿਚ ਆ ਕੇ ਇਸ ਇਕਰਾਰ ਨਾਮੇ ਤੇ ਪਹਿਰਾ ਦਿੱਤਾ:-
ਤਵੱਕ ਨਾਮ ਰਤਿਅੰ| ਨ ਆਨ ਮਾਨ ਮੱਤਿਅੰ|
ਪਰਮ ਧਿਆਨ ਧਾਰੀਅੰ| ਅਨੰਤ ਪਾਪ ਟਾਰੀਅੰ|
ਤੁਮੇਵ ਰੂਪ ਰਚਿਯੰ| ਨ ਆਨ ਦਾਨ ਮਾਚਿਯੰ|
ਤਵੱਕ ਨਾਮ ਉਚਾਰਿਅੰ| ਅਨੰਤ ਦੁਖ ਟਾਰਿਅੰ| (ਬਚਿਤ੍ਰ ਨਾਟਕ)
ਅਤੇ ਉਚਿਤ ਸਮਾਂ ਆਉਣ ਤੇ
ਧਰਮ ਚਲਾਵਨ ਸੰਤ ਉਬਾਰਨ| ਦੁਸਟ ਸਭਨ ਕੋ ਮੂਲ ਉਪਾਰਨ|
ਦੇ ਆਦਰਸ਼ ਲਈ ”ਖੰਡੇ ਦੀ ਪਾਹੁਲ” ਦੁਆਰਾ
ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ| (ਭਾਈ ਗੁਰਦਾਸ ਜੀ, ਵਾਰ 41, ਪਉੜੀ ਪਹਿਲੀ)
ਸੰਨ 1699 ਈ: ਦੀ ਵਿਸਾਖੀ| ਅਨੰਦ ਪੁਰ ਵਿਚ ਸੰਗਤਾਂ ਦਾ ਭਰਪੂਰ ਇਕੱਠ, ਸੀਸ ਭੇਟ ਕਰਨ ਵਾਲਿਆਂ ਦੀ ਅਦੁਤੀ ਝਾਕੀ, ਖੰਡੇ ਬਾਟੇ ਦੇ ਅੰਮ੍ਰਿਤ ਦੁਆਰਾ ਖਾਲਸੇ ਦੀ ਸਿਰਜਨਾ| ਉਪਰੰਤ, ਗੁਰੂ ਵਲੋਂ ਆਪਣੇ ਸਿਰਜੇ ਖਾਲਸੇ ਦੇ ਸਨਮੁਖ ਸੀਸ ਝੁਕਾ ਅੰਮ੍ਰਿਤ ਦੀ ਦਾਤ ਲਈ ਅਰਜ਼ੋਈ| ”ਗੁਰ ਚੇਲਾ ਚੇਲਾ ਗੁਰੂ” ਦਾ ਪ੍ਰਤੱਖ ਸਰੂਪ ਸੰਗਤ ਦੇ ਸਾਹਮਣੇ| ਇਹ ਕੌਤਕ, ਇਹ ਲੀਲ੍ਹਾ ਵਿਚਿਤ੍ਰਤਾ ਦੀ ਹੱਦ ਸੀ| ਇਹ ਇਕ ਬਚਿਤ੍ਰ ਨਾਟਕ ਸੀ ਜੋ ਹੇਮ ਕੁੰਟ ਤੋਂ ਪਿਛੋਂ ਧਰਤੀ ਉਤੇ ਦ੍ਰਿਸ਼ਟੀਗੋਚਰ ਹੋਇਆ| ਰਣ ਭੂਮੀ ਵਿਚ ਚਿੜੀਆਂ ਨੇ ਬਾਜ਼ ਅਤੇ ਗਿਦੜਾਂ ਨੇ ਸ਼ੇਰ ਬਣ ਕੇ ਵਿਖਾਇਆ| ਸੱਚ ਸਰੂਪ ਦੇ ਸਿਰਜੇ ਇਸ ਨਾਟਕ ਦੇ ਪਾਤਰ ਐਕਟਿੰਗ ਕਰਕੇ ਫਿਰ ਪੁਰਾਣੀ ਵੇਸ਼ਭੂਸ਼ਾ ਧਾਰਣ ਵਾਲੇ ਨਹੀਂ ਸਨ| ”ਪੂਰੇ ਕਾ ਕੀਆ ਸਭ ਕਿਛੁ ਪੂਰਾ|” ਸੱਚੇ ਦਾ ਸਿਰਜਿਆ ਨਾਟਕ ਸੱਚਾ, ਸੱਚੇ ਨਾਟਕ ਦੇ ਪਾਤਰ ਸੱਚੇ| ਖੰਡੇ ਦੀ ਪਾਹੁਲ ਨੇ ਸਦਾ ਸਦਾ ਲਈ ਰੂਪ ਪਰਿਵਰਤਨ ਕਰ ਦਿੱਤਾ| ਅਕਾਲਪੁਰਖ ਦਾ ਹੁਕਮ, ਅਕਾਲੀ ਬਾਣੀ ਦੀ ਸ਼ਕਤੀ, ਸਰਬ ਲੋਹ ਦੇ ਖੰਡੇ ਬਾਟੇ ਦਾ ਨਿਰਮਲ ਜਲ, ਪਤਾਸਿਆਂ ਦੀ ਮਿਠਾਸ, ”ਅੰਮ੍ਰਿਤ ਪੀਵੈ ਅਮਰ ਸੁ ਹੋਇ” ਵਾਲੀ ਅਵਸਥਾ ਪੈਦਾ ਹੋਣੀ ਹੀ ਸੀ| ਅਜਿਹੀ ਅਮੋਲਕ ਦਾਤ ਦੇ ਸਿਰਜਕ ਗੁਰੂ ਨੇ ਵੀ ਅੰਮ੍ਰਿਤ ਦੇ ਗਟਾਕ ਪੀਣ ਦਾ ਅਵਸਰ ਨਾ ਖੁੰਝਾਇਆ| ਆਪਣੇ ਵਰਗਾ ਖਾਲਸਾ ਸਾਜਕੇ ਆਪਣਾ ਗੁਰੂ ਬਣਾ ਲਿਆ| ਅਕਾਲਪੁਰਖ ਤੇ ਦਸ਼ਮੇਸ਼ ਪਿਤਾ ਦੀ ਅਭੇਦਤਾ ਵਿਚੋਂ ਦਸ਼ਮੇਸ਼ ਤੇ ਖਾਲਸੇ ਦੀ ਇਕਰੂਪਤਾ ਪ੍ਰਗਟ ਹੋਈ|
ਅੰਮ੍ਰਿਤ ਛਕਾ ਕੇ ਖਾਲਸਾ ਸਾਜਿਆ| ਖਾਲਸੇ ਕੋਲੋਂ ਅੰਮ੍ਰਿਤ ਛਕ ਕੇ ਆਪ ਖਾਲਸਾ ਪੰਥ ਦਾ ਅੰਗ ਬਣੇ| ਗੁਰੂ ਅਤੇ ਖਾਲਸੇ ਦੇ ਸਾਹਮਣੇ ਇਕ ਆਦਰਸ਼ ਸਥਾਪਤ ਹੋ ਗਿਆ| ਖਾਲਸਾ ਭੁੱਲ ਕਰੇ ਤਾਂ ਗੁਰੂ ਉਸ ਨੂੰ ਦੰਡ ਦੇਵੇ, ਤਨਖਾਹ ਲਾ ਕੇ ਗਲਤੀ ਦਾ ਪਸਚਾਤਾਪ ਕਰਵਾਏ| ਗੁਰੂ ਖਾਲਸੇ ਦੀ ਪਰੀਖਿਆ ਲੈਣ ਲਈ ਗੁਰੂ ਪਿਤਾ ਆਪ ਭੁੱਲ ਕਰਕੇ, ਨਿਪੁੰਨਤਾ ਤੱਕ ਪਹੁੰਚੇ ਖਾਲਸੇ ਕੋਲੋਂ ਤਨਖਾਹ ਲੁਆ ਕੇ ਪਸਚਾਤਾਪ ਕਰੇ| ਇੱਕ ਵਿਚਿਤ੍ਰ ਨਾਟਕ ਦੀ ਸਿਰਜਨਾ ਹੀ ਤਾਂ ਹੋ ਰਹੀ ਸੀ| ਅਕਾਲਪੁਰਖ ਦਾ ਇਹ ਹੁਕਮ:-
‘ਜਹਾਂ ਤਹਾਂ ਤੁਮ ਧਰਮ ਬਿਥਾਰੋ| ਦੁਸ਼ਟ ਦੋਖੀਅਨਿ ਪਕਰਿ ਪਛਾਰੋ| ‘ (ਬਚਿਤ੍ਰ ਨਾਟਕ)
ਦਸ਼ਮੇਸ਼ ਪਿਤਾ ਰਾਹੀਂ ਖਾਲਸੇ ਤੱਕ ਪਹੁੰਚਿਆ| ਗੁਰੂ ਤੇ ਚੇਲਾ ਇੱਕੋ ਹੁਕਮ ਦੇ ਪਾਲਣ ਵਿੱਚ ਜੁੱਟ ਗਏ| ਨਾਮ ਖੰਡੇ ਦੇ ਆਸਰੇ ਖਾਲਸੇ ਨੇ ਮੈਦਾਨਿ ਜੰਗ ਵਿਚ ਫੌਲਾਦੀ ਖੰਡਾ ਖੜਕਾ ਕੇ ਜ਼ਾਲਮਾਂ ਨੂੰ ਨੱਥ ਪਾਉਣੀ ਆਰੰਭ ਕਰ ਦਿੱਤੀ| ਖਾਲਸੇ ਦੇ ਬੀਰ ਰਸੀ ਕਰਤੱਵ ਵੇਖਕੇ ਹੀ ਤਾਂ ਭਾਈ ਗੁਰਦਾਸ (ਸਿੰਘ) ਜੀ ਨੇ ਬਲਿਹਾਰ ਜਾਂਦਿਆਂ ਹੋਇਆਂ ਇਨ੍ਹਾਂ ਦਾ ਵਰਨਣ ਬੜੀ ਭਾਵ-ਭਿੰਨੀ ਸ਼ੈਲੀ ਵਿੱਚ ਕੀਤਾ ਹੈ:
ਓਹ ਗੁਰ ਗੋਬਿੰਦ ਹੁਇ ਪ੍ਰਗਟਿਆ ਦਸਵੇਂ ਅਵਤਾਰਾ|
ਜਿਨ ਅਲਖ ਅਕਾਲ ਨਿਰੰਜਨਾ, ਜਪਿਓ ਕਰਤਾਰਾ|
ਨਿਜ ਪੰਥ ਚਲਾਇਓ ਖ਼ਾਲਸਾ, ਧਰਿ ਤੇਜ ਕਰਾਰਾ|
ਸਿਰ ਕੇਸ ਧਾਰਿ, ਗਹਿ ਖੜਗ ਕੋ, ਸਭ ਦੁਸ਼ਟ ਪਛਾਰਾ|
ਸੀਲ ਜਤ ਕੀ ਕਛ ਪਹਿਰਿ, ਪਕੜਿਓ ਹਥਿਆਰਾ|
ਸਚ ਫ਼ਤੇ ਬੁਲਾਈ ਗੁਰੂ ਕੀ ਜੀਤਿਓ ਰਣ ਭਾਰਾ| ਵਾਰ 41, ਪਉੜੀ 15

ਗੁਰਬਰ ਅਕਾਲ ਕੇ ਹੁਕਮ ਸੋਂ ਉਪਜਿਓ ਬਿਗਿਆਨਾ|
ਤਬ ਸਹਿਜੇ ਰਚਿਓ ਖ਼ਾਲਸਾ, ਸਾਬਤ ਮਰਦਾਨਾ|
ਇਉਂ ਉਠੇ ਸਿੰਘ ਭਬਕਾਰ ਕੈ, ਸਭ ਜਗ ਡਰਪਾਨਾ| ਵਾਰ 41, ਪਉੜੀ 16
ਨਿਮਾਣਿਆਂ, ਨਿਤਾਣਿਆਂ, ਲਿਤਾੜਿਆਂ, ਦਲਿਤਾਂ ਦੇ ਹੱਥਾਂ ਵਿਚ ਸ਼ਸਤ੍ਰ ਫੜਾ ਕੇ ਅਜਿਹੇ ਬੀਰ ਰਸੀ ਕੌਤਕ ਵਰਤਾਏ ਕਿ ਜ਼ਾਲਮ ਹਕੂਮਤ ਦੇ ਪਾਲੇ ਹੋਏ ਖੂੰਖਾਰ ਲੜਾਕੂ ਦੁਮ ਦਬਾਕੇ ਨੱਸਣ ਲਈ ਮਜਬੂਰ ਹੋ ਗਏ| ਸ਼ਸਤ੍ਰਾਂ ਤੋਂ ਡਰਨ ਵਾਲਿਆਂ ਨੂੰ ਕਲਪਿਤ ਦੇਵਤਿਆਂ ਦੀ ਪੂਜਾ ਤੋਂ ਹਟਾ ਕੇ, ਸ਼ਸਤ੍ਰਾਂ ਦੀ ਮਹਾਨਤਾ ਇੰਜ ਦਰਸਾਈ:
ਅਸ ਕ੍ਰਿਪਾਨ ਖੰਡੋ ਖੜਗ, ਤੁਪਕ ਤਬਰ ਅਰੁ ਤੀਰ||
ਸੈਫ਼ ਸਰੋਹੀ ਸੈਬੀ ਯਹੈ ਹਮਾਰੇ ਪੀਰ||
ਤੀਰ ਤੁਹੀ ਸੈਬੀ ਤੁਹੀ ਤੁਹੀ ਤਬਰ ਤਲਵਾਰ||
ਨਾਮ ਤਿਹਾਰੋ ਜੋ ਜਪੈ ਭਯੋ ਸਿੰਘ ਭਵ ਪਾਰ||
ਕਾਲ ਤੁਹੀ ਕਾਲੀ ਤੁਹੀ ਤੁਹੀ ਤੇਰਾ ਅਰ ਤੀਰ||
ਤੁਹੀ ਨਿਸਾਨੀ ਜੀਤ ਕੀ ਆਜ ਤੁਹੀ ਜਗ ਬੀਰ|| ਸ਼ਸਤ੍ਰ ਮਾਲਾ
ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੀ ਤੇਗ ਦੀ ਪ੍ਰਾਪਤੀ ਹੋਈ ਜਿਸ ਦੇ ਪ੍ਰਚੰਡ ਤੇਜ ਨਾਲ ਦੁਰਮਤ ਨੂੰ ਦਰੜ ਕੇ ਦੁਸ਼ਟਾਂ ਦਾ ਨਾਸ਼ ਕੀਤਾ ਜਾਣ ਲੱਗਾ ਅਤੇ ਸੰਤ ਉਬਾਰਨ ਦੀ ਕ੍ਰਿਆ ਆਰੰਭ ਹੋਈ:
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਭੰਡੰ||
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ||
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ||
ਜੈ ਜੈ ਜਗ ਕਾਰਣ ਸ੍ਰਿਸਟਿ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ|| ਬਚਿਤ੍ਰ ਨਾਟਕ
ਤੇਗ ਉਲਾਰਣ ਵਾਲੇ ਨੂੰ ਤੇਗ ਦਾ ਵਾਰ ਵੀ ਤਾਂ ਸਹਿਣਾ ਪੈਂਦਾ ਹੈ| ਤੇਗ ਤੋਂ ਡਰਨ ਵਾਲਾ, ਜ਼ਿੰਦ ਨੂੰ ਪਿਆਰ ਕਰਨ ਵਾਲਾ ਜੰਗ ਵਿਚ ਜੂਝ ਨਹੀਂ ਸਕਦਾ| ਜਿੰਦ ਵਾਰਨ ਦਾ ਉਪਦੇਸ਼ ਤਾਂ ਸਿਖਾਂ ਨੂੰ ਪਹਿਲੀ ਗੁਰੂ ਜੋਤ ਕੋਲੋਂ ਹੀ ਮਿਲ ਚੁਕਿਆ ਸੀ:
ਜਉ ਤਉ ਪ੍ਰੇਮ ਖੇਲਨ ਕਾ ਚਾਉ|| ਸਿਰੁ ਧਰਿ ਤਲੀ ਗਲੀ ਮੇਰੀ ਆਉ||
ਇਤੁ ਮਾਰਗਿ ਪੈਰ ਧਰੀਜੈ|| ਸਿਰੁ ਦੀਜੈ ਕਾਣਿ ਨ ਕੀਜੈ|| ਪੰਨਾ-1412
ਪੰਚਮ ਪਾਤਸ਼ਾਹ ਦੇ ਦਰਬਾਰ ਵਿਚ ਵੀ ਮੌਤ ਨੂੰ ਗਲਵਕੜੀ ਪਾਉਣ ਵਾਲੇ ਹੀ ਪਰਵਾਨ ਚੜ੍ਹ ਸਕਦੇ ਸਨ:
ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡ ਆਸ|| ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸ|| ਪੰਨਾ-1102
ਆਪਾ ਵਾਰਨ ਵਾਲਿਆਂ ਨੂੰ ਹੀ ਦਸ਼ਮੇਸ਼ ਪਿਤਾ ਕੋਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਸੀ| ਪੁਰਜਾ ਪੁਰਜਾ ਕਟ ਮਰਨ ਵਾਲੇ ਹੀ ਕਬੀਰ ਜੀ ਦੀ ਦ੍ਰਿਸ਼ਟੀ ਵਿਚ ਸੂਰਮੇ ਹਨ| ਖਾਲਕ ਦੇ ਪ੍ਰੇਮ ਤੀਰ ਨਾਲ ਦਾਗੇ ਹੋਏ ਹੀ ਰਣ ਵਿਚ ਜੂਝ ਸਕਦੇ ਹਨ:
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨ ਦਾਗੇ ਭਗਿ ਜਾਈ|| ਕਬੀਰ ਜੀ, ਪੰਨਾ-970
ਜਿਸਨੇ ਖਾਲਕ ਨਾਲ ਪਿਆਰ ਕੀਤਾ ਉਹੀ ਖਾਲਕ ਦੀ ਰਚੀ ਖਲਕਤ ਨੂੰ ਪਿਆਰ ਕਰ ਸਕਦਾ ਹੈ| ਖਲਕਤ ਦੀ ਦੁਖ ਨਿਵਿਰਤੀ ਲਈ ਖਾਲਸਾ ਜ਼ਾਲਮਾਂ ਨਾਲ ਲੋਹਾ ਲੈਣ ਲਈ ਸਦਾ ਤਿਆਰ ਰਹਿੰਦਾ ਸੀ| ਅਕਾਲ ਪੁਰਖ ਅੱਗੇ ਵੀ ਖਾਲਸੇ ਦੀ ਇਹੀ ਅਰਦਾਸ ਰੂਪ ਪ੍ਰਤਿਗਿਆ ਹੁੰਦੀ ਹੈ:
ਜਬ ਆਵ ਕੀ ਅਉਧ ਨਿਧਾਨ ਬਨੈ ਅਤ ਹੀ ਰਨ ਮੈ ਤਬ ਜੂਝ ਮਰੌਂ|| ਚੰਡੀ ਚਰਿਤ੍ਰ
ਇਸ ਤਰ੍ਹਾਂ ਸੰਤ ਸਰੂਪ ਸਿੰਖਾਂ ਨੂੰ ਸੂਰਬੀਰ ਸਿਪਾਹੀਆਂ ਦੇ ਰੂਪ ਵਿਚ ਪਰਿਵਰਤਿਤ ਕੀਤਾ ਗਿਆ| ਪਰ ਵੀਰਤਾ ਸਿਰਫ ਸਰੀਰ ਨਾਲ ਸੰਬੰਧਿਤ ਨਹੀਂ ਹੁੰਦੀ| ਨਿਰਾ ਸਰੀਰਕ ਬਲ ਤਾਂ ਬਘਿਆੜ ਪੈਦਾ ਕਰਦਾ ਹੈ, ਜ਼ਾਲਮ ਬਣਾਉਂਦਾ ਹੈ| ਗੁਰੂ ਤਾਂ ਸਿੰਘਾਂ ਸੂਰਮਿਆਂ ਦੀ ਸੈਨਾ ਤਿਆਰ ਕਰ ਰਿਹਾ ਸੀ ਜਿਸਦਾ ਆਦਰਸ਼ ਧਰਮ ਚਲਾਵਨ ਤੇ ਸੰਤ ਉਬਾਰਨ ਸੀ| ਇਸ ਆਦਰਸ਼ ਦੀ ਪੂਰਤੀ ਲਈ ਬਲਵਾਨ ਸਰੀਰ ਦੇ ਨਾਲ ਬਲਵਾਨ ਆਤਮਾ ਜ਼ਰੂਰੀ ਹੈ| ਮਾਨਵ ਆਤਮਾ ਆਪਣੇ ਮੂਲ ਪਰਮ ਆਤਮਾ ਨਾਲ ਇਕਰੂਪ ਹੋ ਕੇ ਬਲਵਾਨ ਹੋ ਸਕਦੀ ਹੈ| ਇਸ ਇਕਰੂਪਤਾ ਵਿਚੋਂ ਹੀ ਇਸਦਾ ਜਨਮ ਹੋਇਆ ਸੀ ਜਿਸ ਬਾਰੇ ਖਾਲਸੇ ਦੇ ਸਿਰਜਕ ਪਿਤਾ ਨੇ ਆਖਿਆ ਸੀ:
ਖ਼ਾਲਸਾ ਮੇਰੇ ਰੂਪ ਹੈ ਖਾਸ|| ਖ਼ਾਲਸੇ ਮਹਿ ਹੌਂ ਕਰੌਂ ਨਿਵਾਸ||
ਖ਼ਾਲਸਾ ਮੇਰੋ ਮੁਖ ਹੈ ਅੰਗਾ|| ਖ਼ਾਲਸੇ ਕੇ ਹੌਂ ਸਦ ਸਦ ਸੰਗਾ||
ਖ਼ਾਲਸਾ ਮੇਰੋ ਇਸ਼ਟ ਸੁਹਿਰਦ|| ਖ਼ਾਲਸਾ ਮੇਰੋ ਕਹੀਅਤ ਬਿਰਦ||
ਰੋਮ ਰੋਮ ਜੇ ਰਸਨਾ ਪਾਊਂ|| ਤਦਪ ਖ਼ਾਲਸਾ ਜਸ ਤਹਿ ਗਾਊਂ||
ਹੌਂ ਖ਼ਾਲਸੇ ਕੋ ਖਾਲਸਾ ਮੇਰੋ|| ਓਤ ਪੋਤ ਸਾਗਰ ਬੂੰਦੇਰੋ|| (ਸਰਬ ਲੋਹ ਗ੍ਰੰਥ)
ਖ਼ਾਲਸੇ ਦੀ ਇਸ ਪਦ ਉਤੇ ਸਦਾ ਸਦ ਸਥਾਪਤੀ ਲਈ ਇਹ ਸ਼ਰਤ ਵੀ ਲਾਈ ਸੀ:
ਖ਼ਾਲਸਾ ਅਕਾਲ ਪੁਰਖ ਕੀ ਫੌਜ|| ਪ੍ਰਗਟਿਓ ਖ਼ਾਲਸਾ ਪਰਮਾਤਮ ਕੀ ਮੌਜ||
ਜਬ ਲਗ ਖ਼ਾਲਸਾ ਰਹੇ ਨਿਆਰਾ|| ਤਬ ਲਗ ਤੇਜ ਦੀਓ ਮੈਂ ਸਾਰਾ||
ਜਬ ਇਹ ਗਹੈ ਬਿਪਰਨ ਦੀ ਰੀਤ|| ਮੈਂ ਨ ਕਰੋਂ ਇਨ ਕੀ ਪ੍ਰਤੀਤ||
ਖ਼ਾਲਸੇ ਦੀ ਸ਼ਕਤੀ ਦਾ ਮੂਲ ਸ੍ਰੋਤ ਆਤਮ ਬਲ ਹੈ ਜੋ ਗੁਰ ਪਰਮੇਸ਼ਰ ਨਾਲ ਜੁੜੇ ਰਿਹਾਂ ਹੀ ਕਾਇਮ ਰਹਿ ਸਕਦਾ ਹੈ| ਕੇਵਲ ਬਹੁ ਦੇਵ ਵਾਦ ਤੋਂ ਦੂਰ ਰਹਿਣਾ ਹੀ ਕਾਫੀ ਨਹੀਂ ਸਗੋਂ ਜੀਵਨ ਦੇ ਹਰ ਖੇਤਰ ਵਿਚ ਬਿਪਰਨ ਦੀ ਰੀਤ ਨੂੰ ਤਿਆਗਣਾ ਆਵਸ਼ਕ ਹੈ| ਬਿਪਰਨ ਕੀ ਰੀਤ ਤਿਆਗ ਕੇ ਗੁਰ ਮਰਯਾਦਾ ਅਨੁਸਾਰ ਜੀਵਨ ਢਾਲਣ ਦੀ ਲੋੜ ਹੈ| ਆਤਮ ਰਸ ਤੇ ਆਤਮ ਬਲ ਪਰਸਪਰ ਸੰਬੰਧਿਤ ਹਨ| ਜਾਗਤ ਜੋਤ ਪਰਮਾਤਮ ਸਰੂਪ ਨਾਲ ਜੁੜੇ ਬਿਨਾਂ ਆਤਮ ਰਸ ਨਹੀਂ ਅਤੇ ਆਤਮ ਰਸ ਬਿਨਾਂ ਖਾਲਸਾ ਨਹੀਂ ਅਖਵਾਇਆ ਜਾ ਸਕਦਾ:
ਆਤਮ ਰਸ ਜਿਹ ਜਾਨਹੀ ਸੋ ਹੈ ਖ਼ਾਲਸ ਦੇਵ|| ਪ੍ਰਭ ਮਹਿ ਮੋ ਮਹਿ ਤਾਸ ਮਹਿ ਰੰਚਕ ਨਾਹਨ ਭੇਵ||
ਸਰਬ ਲੋਹ ਗ੍ਰੰਥ
ਇਸੇ ਲਈ ਉਪਦੇਸ਼ ਹੈ;
ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾਂ ਮਨ ਨੈਕ ਨ ਆਨੈ||
ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ||
ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ||
ਪੂਰਨ ਜੋਤ ਜਗੈ ਘਟ ਮੈ ਤਬ ਖਾਲਸ ਤਾਹਿ ਨਖਾਲਸ ਜਾਨੈ||
ਬਾਹਰਲੇ ਵੈਰੀਆਂ ਨਾਲ ਤਾਂ ਹੀ ਸਿਝਿਆ ਜਾ ਸਕਦਾ ਹੈ ਜੇ ਅੰਦਰਲੇ ਵੈਰੀਆਂ ਉਤੇ ਵਸੀਕਾਰ ਪ੍ਰਾਪਤ ਹੋਵੇ| ਅਗਿਆਨ ਵਸ ਆਂਤ੍ਰਿਕ ਦੋਖੀਆਂ ਦੇ ਪ੍ਰਭਾਵ ਅਧੀਨ ਹੀ ਭਾਰਤ ਵਾਸੀ ਕਾਇਰ ਬਣ ਚੁੱਕੇ ਸਨ| ਵਿਕਾਰ ਗ੍ਰਸਤ ਜੀਵਨ ਭੋਗਦਿਆਂ ਅਜਿਹੀ ਸਥਿਤੀ ਬਣਾ ਚੁੱਕੇ ਸਨ ਮਾਨੋ ਆਪ ਹੀ ਜ਼ਾਲਮ ਨੂੰ ਜ਼ੁਲਮ ਕਰਨ ਲਈ ਨਿਮੰਤ੍ਰਿਤ ਕਰ ਰਹੇ ਹੋਣ| ਦੁਸ਼ਟਾਂ ਨੂੰ ਸੋਧਣ ਦੀ ਯੋਗਤਾ ਪ੍ਰਾਪਤ ਕਰਨ ਲਈ ਖਾਲਸੇ ਦੇ ਸਾਹਮਣੇ ਇਹ ਆਦਰਸ਼ ਰਖਿਆ ਗਿਆ:
ਧੰਨ ਜੀਓ ਤਿਹ ਕੋ ਜਗ ਮੈ ਮੁਖ ਤੇ ਹਰਿ ਚਿਤ ਮੈਂ ਜੁਧੁ ਬਿਚਾਰੈ||
ਦੇਹ ਅਨਿਤ ਨ ਨਿਤ ਰਹੈ ਜਸੁ ਨਾਵ ਚੜੇ ਭਵ ਸਾਗਰ ਤਾਰੈ||
ਧੀਰਜ ਧਾਮ ਬਨਾਇ ਇਹੈ ਤਨ ਬੁਧ ਸੁ ਦੀਪਕ ਜਿਉ ਉਜਿਆਰੈ||
ਗਿਅਨਹਿ ਕੀ ਬਢਨੀ ਮਨੋ ਹਾਥ ਲੈ ਕਾਤਰਤਾ ਕੁਤਵਾਰ ਬੁਹਾਰੈ||
ਉਪਰੋਕਤ ਗੁਣਾਂ ਵਾਲੇ ਖਾਲਸੇ ਨੂੰ, ਉਨ੍ਹਾਂ ਦੀਆਂ ਘਾਲਣਾਵਾਂ ਵੇਖਕੇ, ਦਸ਼ਮੇਸ਼ ਪਿਤਾ ਨੇ ਜੋ ਮਾਣ ਬਖਸ਼ਿਆ ਉਹ ਨਿਮਨ ਲਿਖਤ ਸਤਰਾਂ ਤੋਂ ਭਲੀ ਭਾਂਤ ਸਪਸ਼ਟ ਹੋ ਜਾਂਦਾ ਹੈ:
ਜੁਧ ਜਿਤੇ ਇਨਹੀ ਕੇ ਪ੍ਰਸਾਦਿ, ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ||
ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ, ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ||
ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ, ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ||
ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ, ਨਹੀਂ ਮੋ ਸੋ ਗਰੀਬ ਕਰੋਰ ਪਰੇ||
ਗਿਆਨ ਪ੍ਰਬੋਧ
ਖ਼ਾਲਸਾ ਪੰਥ ਦੇ ਸਾਜਨਹਾਰ ਨੇ ਆਪਣਾ ਰੂਪ ਦੇ ਕੇ ਖਾਲਸਾ ਫੌਜਾਂ ਵਿਚ ਸਭ ਸ਼ਕਤੀਆਂ ਭਰੀਆਂ| ਦੈਵੀ ਰੰਗਾਂ ਵਿਚ ਰੰਗ ਕੇ ਨਾਮ ਜਪਾਇਆ| ਸੀਸ ਤਲੀ ਤੇ ਰੱਖ ਕੇ ਜੰਗ ਵਿਚ ਜੂਝਣ ਦੀ ਜਾਚ ਸਿਖਾਈ| ਖੋਪਰੀਆਂ ਉਤਰਵਾਉਂਦੇ, ਬੰਦ ਬੰਦ ਕਟਾਉਂਦੇ, ਚਰਖੜੀਆਂ ਤੇ ਚੜ੍ਹਦੇ ਸਿੰਘਾਂ ਨੂੰ ਮੁਖੜੇ ਤੇ ਮੁਸਕਾਨ ਲਿਆਉਣ ਦੀ ਸ਼ਕਤੀ ਬਖਸੀ| ਇਕ ਇਕ ਨੂੰ ਸਵਾ ਲੱਖ ਨਾਲ ਲੜਨ ਦੀ ਸਮਰਥਾ ਬਖਸ਼ੀ| ਸਿੱਖ ਦੇ ”ਸਦਾ ਅੰਗ ਸੰਗੇ” ਰਹਿ ਕੇ ਅੰਤਾਂ ਦਾ ਬਲ ਭਰਦੇ ਰਹੇ, ਪਰ ਪ੍ਰੇਮ, ਪਰਉਪਕਾਰ, ਭਗਤੀ ਤੇ ਵੀਰਤਾ ਦੇ ਕਾਰਨਾਮਿਆਂ ਨੂੰ ਖਾਲਸੇ ਦਾ ਕ੍ਰਿਸ਼ਮਾ ਹੀ ਮੰਨਿਆ ਅਤੇ ਖਾਲਸੇ ਲਈ ਕੁਰਬਾਨ ਹੋਣ ਵਾਸਤੇ ਆਪਣੀ ਭਾਵਨਾ ਨੂੰ ਇਸ ਤਰ੍ਹਾਂ ਪ੍ਰਗਟਾਇਆ:
ਸੇਵ ਕਰੀ ਇਨਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ||
ਦਾਨ ਦਯੋ ਇਨਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਨ ਨੀਕੋ||
ਆਗੈ ਫਲੈ ਇਨ ਹੀ ਕੋ ਦਯੋ, ਜਗ ਮੈ ਜਸ, ਅਉਰ ਦਯੋ ਸਭ ਫੀਕੋ||
ਮੋ ਗ੍ਰਹਿ ਮੈ ਤਨ ਤੇ ਮਨ ਤੇ, ਸਿਰ ਲੌ ਧਨ ਹੈ ਸਭ ਹੀ ਇਨ ਹੀ ਕੋ||
ਗਿਆਨ ਪ੍ਰਬੋਧ
ਇਹ ਕੁਝ ਕਿਹਾ ਹੀ ਨਹੀਂ ਸਗੋਂ ਕਰਕੇ ਵਿਖਾਇਆ| ਕਥਨੀ ਤੇ ਕਰਨੀ ਵਿਚ ਪੂਰਾ ਸੁਮੇਲ ਰੱਖਿਆ| ਸਰਹੰਦ ਦੀਆਂ ਨੀਹਾਂ, ਠੰਢਾ ਬੁਰਜ, ਚਮਕੌਰ ਦਾ ਯੁੱਧ, ਮਾਛੀਵਾੜੇ ਦਾ ਜੰਗਲ ਇਸ ਤੱਥ ਦੀ ਗਵਾਹੀ ਭਰਦੇ ਹਨ| ਖਾਲਸੇ ਦੀ ਸੰਪੂਰਨ ਸ਼ਖਸੀਅਤ ਅਤੇ ਅਥਾਹ ਸ਼ਕਤੀ ਉਤੇ ਇੰਨਾ ਦ੍ਰਿੜ੍ਹ ਵਿਸ਼ਵਾਸ਼ ਕਿ ਔਰੰਗਜ਼ੇਬ ਨੂੰ ਪੱਤਰ ਲਿਖਦਿਆਂ ਹੋਇਆਂ ਆਪਣੀ ਸ਼ਕਤੀ ਬਾਰੇ ਨਹੀਂ ਸਗੋਂ ਖਾਲਸੇ ਦੀ ਤਾਕਤ ਬਾਰੇ ਹੀ ਸੁਚੇਤ ਕੀਤਾ:
ਚਿ ਸ਼ੁਦ ਕਿ ਚੂੰ ਬਚਗਾਂ ਕੁਸ਼ਤਹ ਚਾਰ|| ਕਿ ਬਾਕੀ ਬਿਮਾਂਦਸਤ ਪੇਚੀਦਹ ਮਾਰ|| ਜ਼ਫਰਨਾਮਾ
ਅੱਜ ਕਿਥੇ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿਰਜਿਆ ਖਾਲਸਾ? ਗੁਰੂ ਦੇ ਖਾਸ ਰੂਪ ਖਾਲਸੇ ਅਤੇ ਅੱਜ ਦੇ ਖਾਲਸੇ ਵਿੱਚ ਇੰਨਾ ਅੰਤਰ ਕਿਉਂ? ਅੱਜ ਉਸਦਾ, ਸਰੂਪ ਟਾਵਾਂ ਟਾਵਾਂ ਹੀ ਦਿਸਦਾ ਹੈ| ”ਹੈਨਿ ਵਿਰਲੇ ਨਾਹੀ ਘਣੇ” ਵਾਲੀ ਅਵਸਥਾ ਬਣੀ ਹੋਈ ਹੈ| ਰਵਾਇਤ ਪ੍ਰਸਿੱਧ ਹੈ ਕਿ ਆਪ ਜੀ ਨੇ ਇਕ ਵਾਰੀ ਇਕ ਨਾਟਕੀ ਚੋਜ ਵਰਤਾਇਆ| ਖੋਤੇ ਉਤੇ ਸ਼ੇਰ ਦੀ ਖੱਲ ਪੁਆ ਕੇ ਸਿਖ ਸੰਗਤਾਂ ਦੇ ਸਾਹਮਣੇ ਭੇਜਿਆ| ਕਮਜ਼ੋਰ ਦਿਲ ਡਰ ਕੇ ਭੱਜ ਉੱਠੇ| ਅਸਲੀਅਤ ਦਾ ਪਤਾ ਲੱਗਣ ਤੇ ਖੂਬ ਹਾਸਾ ਮਚਿਆ| ਸਿਖ ਦਾ ਕੇਵਲ ਬਾਹਰੀ ਸਰੂਪ ਹੀ ਖਾਲਸਾ ਨਹੀਂ| ਆਤਮ ਸਰੂਪ ਬਿਨਾਂ ਇਸ ਵਿਚ ਸ਼ਕਤੀ ਨਹੀਂ ਹੋ ਸਕਦੀ| ਇਹ ਤਾਂ ਖੋਤੇ ਉਤੇ ਸ਼ੇਰ ਦੀ ਖੱਲ ਪੁਆਉਣ ਵਾਲੀ ਗੱਲ ਹੈ| ਆਓ! ਅਸੀਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਕੀ ਅਸੀਂ ”ਪਰਮਾਤਮ ਦੀ ਮੌਜ” ਨਾਲ ਸਿਰਜੀ ਗਈ ਫੌਜ ਦੇ ਸਿਪਾਹੀ ਅਖਵਾਉਣ ਦੇ ਹਕਦਾਰ ਹਾਂ? ਕੀ ਪਰਮ ਸੱਤਾ ਨਾਲ ਲਿਵਤਾਰੀ ਹੋ ਕੇ ਆਤਮ ਬਲ ਪ੍ਰਾਪਤ ਕਰਨ ਲਈ ਯਤਨਸ਼ੀਲ ਹਾਂ, ਜੇ ਨਹੀਂ ਤਾਂ ਆਪਣੇ ਆਪ ਨੂੰ ਖਾਲਸਾ ਪਦ ਦੇ ਅਧਿਕਾਰੀ ਬਨਾਉਣ ਲਈ ਹੁਣੇ ਹੀ ਘਾਲਣਾ ਆਰੰਭ ਦੇਈਏ ਅਤੇ ਗੁਰੂ ਪਿਤਾ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੀਏ|