Tag Archives: poem

1989-ਨਵੇਂ ਵਰੇ ਦੇ ਕਾਰਡ ਦਾ ਉੱਤਰ

ਨਵਾਂ ਵਰਾ ਆਇਆ
ਕੋਈ ਕਾਰਡ ਨਹੀਂ ਭੇਜਿਆ
ਨਾ ਕੋਈ ਕਾਰਡ ਆਇਆ!

ਅੱਜ ਇਸ ਨਵੇਂ ਸਾਲ ਦੇ
ਪਲੇਠੇ ਮਹੀਨੇ ਦੇ
ਪਹਿਲੇ ਸਪਤਾਹ
ਇੱਕ ਕਾਰਡ ਮਿਲਿਆ
ਪਿਆਰ ਨਾਲ ਭਰਿਆ
ਸੋਨ ਸੁਨਹਿਰੀ
ਸੂਰਜ ਦੀਆਂ ਰਿਸ਼ਮਾਂ
ਵਿੱਚ ਗੁੰਦਿਆਂ ਨੱਚਦੀਆਂ, ਟੱਪਦੀਆਂ,
ਹੁਲਾਰੇ ਲੈਦੀਆਂ
ਸੋਹਣੀਆਂ ਸੁੰਦਰ
ਮੂਰਤਾਂ ਵਾਲਾ।
ਹਾਂ,
ਸੁਨੇਹਾ ਲੈ ਕੇ ਆਇਆ
ਨਵੇਂ ਵਰੇ ਦੀਆਂ ਖ਼ੁਸ਼ੀਆਂ ਦਾ।

ਸੂਰਜ ਦੀਆਂ ਰਿਸ਼ਮਾਂ
ਦਮਕਦੇ ਹੀਰੇ
ਘੁੱਪ ਹਨੇਰਿਆਂ ਵਿੱਚ
ਗੁੰਮ ਹੋ ਚੁੱਕੇ ਹਨ।

ਸਵਾਸਾਂ ਦੀ ਲੜੀ ਨੂੰ
ਫਾਹੀ ਦੇ ਫੰਧਿਆਂ ਨੇ
ਤੋੜ ਸੁਟਿਆ ਏ।
ਸਭ ਪਾਸੇ
ਉਦਾਸੀ
ਨਿਰਾਸ਼ਾ
ਗੁੱਸਾ
ਘੁੱਪ ਹਨੇਰਾ।

ਕਿਸੇ ਮਾਂ ਦੀ ਸੱਖਣੀ ਗੋਦ,
ਕਿਸੇ ਸੁਹਾਗਣ ਦਾ
ਭੰਰਡਿਆ ਸੁਹਾਗ ,
ਵੀਰਾਂ ਦੀਆਂ
ਭੱਜੀਆਂ ਬਾਹਵਾਂ
ਭੈਣਾਂ ਦੀਆਂ ਮਧੋਲੀਆਂ ਸਧਰਾਂ
ਪਿਤਾ ਦੀ ਟੁਕੜੇ ਹੋਈ ਡੰਗੋਰੀ,
ਮਿਤ੍ਰਾਂ ਦੀ ਮਿਤ੍ਰਤਾ ਦੇ ਚੀਥੜੇ।
ਬੱਸ
ਇਹ ਕੁਝ ਅੱਖਾਂ ਸਾਹਵੇਂ।

ਨਵੇਂ ਵਰੇ ਦਾ ਕਾਰਡ
ਖੁਸੀਆਂ ਖੇੜੇ
ਸੋਨ ਸੁਨਹਿਰੀ ਰਿਸ਼ਮਾਂ,
ਪਿਆਰ ਭਰੇ ਸੁਨੇਹੇ,
ਇੱਕ ਪ੍ਰਸ਼ਨ ਚਿੰਨ,
ਹਾਂ ਪ੍ਰਸ਼ਨ ਚਿੰਨ ਬਣ ਗਿਆ।

ਧੰਨਵਾਦ ?
ਕਿਸ ਹਿਰਦੇ ਵਿਚੋ?
ਕਿਸ ਕਲਮ ਨਾਲ?
ਖਿਮਾ ਕਰਨਾ।

ਪਰ ਨਹੀਂ
ਧੰਨਵਾਦ ਕਰਨਾ ਜ਼ਰੂਰੀ ਏ।
ਇਹ ਸੁਨੇਹੇ ਸੂਚਕ ਨੇ
ਇਸ ਗੱਲ ਦੇ
ਨਿਰਾਸ਼ਾ ਵਿਚੋਂ ਆਸ਼ਾ
ਬੱਦਲਾਂ ਵਿਚੋਂ ਸੂਰਜ,
ਹਨੇਰੇ ੳਹਲੇ ਚਾਨਣ

ਖ਼ੁਸ਼ੀਆਂ
ਜੋ ਚਮਕਦੀਆਂ ਨੇ
ਜੋ ਰੌਸ਼ਨ ਹੁੰਦੀਆਂ ਨੇ
ਜੋ ਮਨ ਨੂੰ ਖਿੜਾਉਂਦੀਆਂ ਨੇ
ਜੋ ਕਿਸੇ ਅਨੋਖੇ ਲੋਰ ਵਿੱਚ
ਝੂਮਾੳਦੀਆਂ ਨੇ ।

ਪਰ
ਇਸ ਕਾਰਡ ਨੂੰ
ਸੀਨੇ ਨਾਲ ਲਾ ਕੇ
ਸੇਕ ਭਰੀ ਠੰਢਕ
ਮਹਿਸੂਸ ਹੋਈ ।
ਨੈਣਾਂ ਅੱਗੇ ਆਏ
ਧੁੰਧਲਕੇ ਨੇ
ਇਸ ਦੇ ਰੰਗਾਂ ਨੂੰ
ਮੱਧਮ ਪਾ ਦਿੱਤਾ।
ਇਸ ਦੇ ਹੁਲਾਰੇ
ਹੁਲਾਰੇ ਨਾ ਰਹਿਕੇ
ਉਦਾਸੀ ਤੇ ਗ਼ਮ ਦੇ
ਪਰਛਾਵਿਆਂ
ਵਿੱਚ ਬਦਲ ਗਏ।

ਅੱਜ ਅਖਬਾਰ ਦੇ
ਕਾਲ ਅੱਖਰਾਂ ਵਿੱਚ
ਲਿਖੇ
ਕਲਿੱਤਣ ਭਰੇ
ਸੁਨੇਹੇ ਮਿਲੇ।
ਕੌਮ ਦੇ ਦੋ ਹੀਰੇ
ਚਮਕਦੇ ਚਮਕਾਂਦੇ
ਅਤੀਤ ਦੀਆਂ ਡੂੰਘੀਆਂ
ਹਨੇਰੀਆਂ ਗੁਫਾਵਾਂ ਵਿੱਚ
ਲੋਪ ਹੋ ਜਾਣੇ ਸਨ।
ਕਿਸੇ ਸਰਾਪੀ ਹੋਈ
ਕਾਲੀ ਚਾਦਰ ਨੇ
ਆਪਣੀ ਬੁੱਕਲ ਵਿਚ
ਲੁਕਾ ਲੈਣੇ ਸਨ।
ਸਦਾ ਸਦਾ ਲਈ
ਲੁਕਾ ਲੈਣੇ ਸਨ।

ਸਹਿਜ ਸੁਹੇਲੀ ਕਾਇਆਂ

ਹੱਥ ਜੁੜੇ ਅਰਦਾਸ ਦਾਤਾ
ਦੇਵੋ ਨਾਮ ਨਿਵਾਸ।

ਮਿਹਰਾਂ ਵਾਲ਼ੇ ਸਾਈਂ
ਮਾਲਕ ਬਾਜਾਂ ਵਾਲ਼ੇ
ਪੰਥ ਮੇਰਾ, ਤਨ ਤੇਰਾ
ਕਾਇਆਂ ਸਜੀ ਸੁਹਾਣੀ।

ਬਘਿਆੜਾਂ ਦੇ ਪੰਜੇ ਖੂਨੀ
ਮੁਰਦਾ ਕਹਿਰ ਜੱਲਾਦਾਂ ਵਾਲ਼ਾ
ਜਾਂ ਗਿਰਝਾਂ ਦੇ ਝੁੰਡ
ਹਵਸਾਂ ਸੂਤੇ ਚਿੱਤ ਤਿਹਾਏ
ਕਦੇ ਨਾ ਪੀਤਾ ਪਾਣੀ
ਨਾ ਕੋਈ ਅੱਖ ਵਿੱਚ ਹੰਝੂ
ਨਾ ਤੁਪਕੇ ਦਾ ਰੰਗ ਬਲੌਰੀ
ਅੱਖ ਭਰ ਤੱਕਿਆ, ਦਿਲੇ ਵਸਾਇਆ
ਮੁੜ ਮੁੜ ਨੋਚੀ ਜਾਵਣ
ਪੰਥ ਤੇਰੇ ਦੀ ਕਾਇਆਂ।

ਸਜੀ ਸੁਹੇਲੀ ਤੇਰੀ ਕਾਇਆਂ
ਸਤਿਗੁਰ ਮੇਰੇ
ਕਲਗੀਆਂ ਵਾਲ਼ੇ, ਮਿਹਰਾਂ ਵਾਲ਼ੇ
ਜਾਂ ਵੇਖਾਂ ਤਾਂ ਜੀਵਾਂ।

ਵੇਦਨ ਗਹਿਰੀ, ਅੱਥਰੂ ਉਮ੍ਹਲ਼ੇ
ਹੰਝੂ ਤਿੱਖਾ ਬਰਛਾ
ਲਿਸ਼ਕਾਂ ਮਾਰੇ
ਕਿਲਵਿਖ ਚੀਰੇ, ਜੁਗਾਂ ਪੁਰਾਣੇ
ਸਿੰਜੇ ਹੰਝੂ ਔੜੇ ਮਨ ਨੂੰ
ਕਾਇਆਂ ਮੌਲੇ ਦਰਦਾਂ ਮਾਰੀ
ਡੂੰਘਾ ਦਰਦ, ਡੂੰਘੇਰਾ ਹੋ ਹੋ
ਕਾਇਆਂ ਨੂੰ ਰੁਸ਼ਨਾਵੇ ਮੁੜ ਮੁੜ।

ਮਨ ਮੇਰਾ ਝੀਲਾਂ ਦਾ ਪਾਣੀ
ਡੂੰਘਾ ਲਹਿ ਲਹਿ ਜਾਵੇ
ਅੰਦਰੇ ਅੰਦਰ
ਆਪਣੇ ਆਪ ‘ਚ ਥੀਵੇ
ਗਿਰਦ ਵਾਦੀਆਂ ਹਰੀਆਂ ਭਰੀਆਂ
ਸੁਬਕ ਹਵਾਵਾਂ
ਠੰਡੀਆਂ ਛਾਵਾਂ
ਮੁੜ ਮੁੜ ਘੱਲਣ
ਮਾਂ ਦੀ ਗੋਦ ਨਿਹਾਲੇ
ਬਾਲ ਅੰਞਾਣਾ
ਵਹਿੰਦਾ ਵਹਿੰਦਾ ਡੁੱਬ ਡੁੱਬ ਜਾਵੇ
ਸਹਿਜ ਸੁਹੇਲੀ ਬਾਣੀ
ਟਿਕਿਆ ਟਿਕਿਆ
ਆਪਣਾ ਆਪ ਬੋਚਕੇ ਸਾਂਭੇ
ਮਨ ਮੇਰਾ
ਸਹਿਜ ਅਵੱਲੜੇ
ਤਨ ਵਿੱਚ ਪਿਆ ਲਹਿਰਾਵੇ
ਕਹਿਰਾਂ ਵਾਲ਼ੇ ਜ਼ੋਰ।

ਤਨ ਮੇਰਾ ਹੋ ਨਿਰਮਲ
ਚੜ੍ਹਦੇ ਦਿਹੁੰ ਦੀ ਲਾਲੀ ਦੇ ਵਿੱਚ
ਤੇਗ ਲਿਸ਼ਕਦੀ
ਕਾਇਆਂ ਮੇਰੀ
ਤੇਗ ਅਦਿੱਖ ਰੋਸ਼ਨੀ ਸ਼ੂਕੇ
ਨਾਮ ਤੇਰੇ ਦੀ ਨਿਰਮਲ ਧਾਰਾ
ਵਿੱਚੇ ਵਿੱਚ ਕੋਈ ਦਰਦ ਡੂੰਘੇਰੇ
ਜਿੰਦ ਭਰਪੂਰੀ
ਕਾਇਆਂ ਖਿਣ ਖਿਣ ਮੇਟ ਮੇਟ ਕੇ ਵੇਖਾਂ
ਮਰ ਮਰ ਜੀਵਾਂ
ਪੈੜਾਂ ਕਰਦਾ ਦਰ ਤੇਰੇ ਵੱਲ।

ਪੈੜ ਮੇਰੀ ਨੂੰ ਨਦਰਿ ਨਿਹਾਲੋ
ਸਹਿਜ ਸੁਹੇਲੀ ਕਾਇਆਂ
ਮੇਟ ਮੇਟ ਕੇ ਜਬਰ ਦੇ ਲਸ਼ਕਰ
ਦਰ ਤੇਰੇ ਵੱਲ ਧਾਉਂਦੀ
ਗਲ਼ ਨਾਲ਼ ਲਾਵੋ
ਸਤਿਗੁਰ ਨੀਲੇ ਦੇ ਅਸਵਾਰ
ਬੰਦ ਬੰਦ ਇਹ ਤੇਰਾ ਹੋਵੇ
ਬੰਦ ਬੰਦ ਕਟਵਾਵਾਂ
ਹੱਸਦਾ ਆਵਾਂ
ਦਰ ਤੇਰੇ ‘ਤੇ ਮੱਥਾ ਟੇਕਾਂ
ਮਰ ਮੁੱਕ ਜਾਵਾਂ।

(ਭਾਈ ਅਨੋਖ ਸਿੰਘ ਬੱਬਰ ਨਿਮਿਤ)

ਇਹ ਤਾਂ ਕਦੇ ਵੀ ਹੋ ਨਹੀਂ ਸਕਦਾ

ਤਾਜ ਤੰਰਡੋ, ਢਾਹੋ ਸਿੰਘਾਸਣ,
ਅਣਖ ਵੰਗਾਰੋ, ਬੀਰ ਸੰਘਾਰੋ,
ਅਮਨ ਘੁੱਗੀ ਫਿਰ ਘੂੰ ਘੂੰ ਬੋਲੇ,
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਸੁੱਤੇ ਸ਼ੇਰ ਲੂੰ ਆਣ ਜਗਾਓ,
ਤਨ ਉਹਦੇ ਤੇ ਘਾਓ ਲਗਾਓ,
ਭਬਕ ਨਾ ਮਾਰੇ, ਸ਼ਾਂਤ ਰਹੇ ਉਹ,
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਜਵਾਲਾ ਫਟੇ, ਨਾ ਲਾਵਾ ਉੱਠੇ,
ਬਹਿਣ ਅਡੋਲ ਮੂਨਾਰੇ ਉੱਤੇ,
ਲਾਉਣ ਪਲੀਤਾ ਰਹਿਣ ਸਲਾਮਤ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਜੰਮੇ ਸੀਸ ਤਲੀ ਧਰ ਜਿਹੜੇ
ਖੇਡ ਪਲੇ ਕੁਰਬਾਨੀ ਵਿਹੜੇ,
ਅਣਖ ਲਈ ਨਾ ਸ਼ੀਸ ਕਟਾਵਣ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਇਤਿਹਾਸ ਜਿਨਾਂ ਨੂੰ ਦਏ ਗਵਾਹੀ,
ਮਿਲੇ ਜ਼ੁਲਮ ਨੂੰ ਨਾਲ ਗ੍ਰਾਹੀ
ਜ਼ੁਲਮ ਅੱਗੇ ਹੁਣ ਝੁਕ ਜਾਵਣ ਉਹ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਡਿੱਗੇ ਰੁੱਖ ਜੇ ਧਰਤ ਕੰਬਾਏ,
ਗਿਰੇ ਪਹਾੜ ਭੁਚਾਲ ਨਾ ਆਏ?
ਗ਼ਰਕ ਨਾ ਹੋਵੇ ਪਾਪ ਦਾ ਬੇੜਾ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਸਿਰ ਉੱਚਾ ਕਰ ਜੀਉਣ ਜੋ ਸਿੱਖੇ,
ਧੁਰੋਂ ਕੌਮ ਦੇ ਭਾਗ ਉਹ ਲਿਖੇ,
ਟੁੱਟਣੋਂ ਡਰਕੇ ਲਿਫ਼ ਜਾਵਣ ਉਹ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਲਹੂ ਮਾਸੂਮਾਂ ਦਾ ਡੁਲ ਜਾਵੇ।
ਅੰਮ੍ਰਿਤ ਜਲ ਦੇ ਵਿੱਚ ਘੁਲ ਜਾਵੇ।
ਭਾਂਬੜ ਮਚੇ ਪਰ ਸੜੇ ਨਾ ਸੀਨਾ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਸੂਰਜ ਅਗਨ ਦੇ ਬਾਣ ਚਲਾਵੇ।
ਬਰਫ ਪਿਘਲ ਕੇ ਹੜ ਬਣ ਜਾਵੇ।
ਹੜ ਆਵੇ ਨਾ ਰੋੜ ਲਿਜਾਵੇ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਮੌਤ ਵਿੱਚੋਂ ਜੋ ਜੀਵਨ ਲੱਭੇ, ਉਹਨੂੰ ਕਿਨੇ ਮਿਟਾਉਣਾ।

ਮੁਗ਼ਲ ਰਾਜ ਦੇ ਅਹਿਲਕਾਰਾਂ ਨੇ
ਆਣ ਮਚਾਇਆ ਖੌਰੂੰ।
ਆਖਣ ਸਭ ਦੇ ਜੰਞੂ ਲਾਹ ਕੇ
ਵਿੱਚ ਇਸਲਾਮ ਲਿਆਉਣਾ।

ਕਸ਼ਮੀਰ ਤੋਂ ਚੱਲ ਅਨੰਦਪੁਰ ਆ ਕੇ
ਪੰਡਤਾਂ ਅਰਜ਼ ਗੁਜ਼ਾਰੀ।
ਮੁਗ਼ਲ ਬਾਦਸ਼ਾਹ ਵੈਰੀ ਬਣ ਕੇ
ਚਾਹੁੰਦਾ ਜ਼ੁਲਮ ਕਮਾਉਣਾ।

ਧਰਮ ਮਿਟਾਵੇ, ਇਜ਼ੱਤ ਲੁੱਟੇ
ਪਤਿ ਪੈਰਾਂ ਵਿੱਚ ਰੋਲੇ ।
ਆਖੇ ਬ੍ਰਾਹਮਣੀ ਧਰਮ ਦੇ ਰੁੱਖ ਨੂੰ
ਜੜ ਤੋਂ ਪਕੜ ਗਿਰਾਉਣਾ।

ਜਿਸ ਨੇ ਤੇਗ਼ ਬਹਾਦਰ ਬਣਕੇ
ਰਣ ਵਿਚ ਤੇਗ਼ ਚਲਾਈ ।
ਉਸ ਗੁਰੂ ਨੇ ਸ਼ਾਂਤ ਸਰੂਪ ਰਹਿ
ਚਾਹਿਆ ਹਿੰਦ ਬਚਾਉਣਾ।

ਸਿੱਖਾਂ ਸਣੇ ਸ਼ਹਾਦਤ ਦਿੱਤੀ
ਚੌਂਕ ਚਾਂਦਨੀ ਜਾ ਕੇ।
ਉਸ ਨੇ ਚਾਹਿਆ ਪੱਥਰ ਦਿਲ ਨੂੰ
ਲਹੂ ਨਾਲ ਪਿਘਲਾਉਣਾ।

ਨੌਵੇਂ ਗੁਰ ਦੇ ਬਲੀਦਾਨ ਤੋਂ
ਪੱਥਰ ਪਿਘਲ ਨਾ ਸਕਿਆ।
ਉਸ ਦੇ ਪੁੱਤਰ ਗੋਬਿੰਦ ਰਾਏ ਨੇ
ਚਾਹਿਆ ਪੰਥ ਸਜਾਉਣਾ।

ਪਰਮਾਤਮ ਦੀ ਮੌਜ ਆਸਰੇ
ਖ਼ਾਲਸਾ ਫ਼ੌਜ ਬਣਾਈ।
ਜਿਸਨੇ ਨਾਅਰਾ ਲਾ ਦਿੱਤਾ
ਅਸਾਂ ਜ਼ਾਲਮ ਰਾਜ ਮੁਕਾਉਣਾ।

ਖੰਡਾ ਫੜ ਕੇ ਖ਼ਾਲਸੇ ਨੇ ਜਦ
ਰਾਜ ਨਾਲ ਲਈ ਟੱਕਰ।
ਮਿੱਥ ਲਿਆ ਮਜ਼ਲੂਮਾਂ ਖ਼ਾਤਰ
ਰਾਜ ਤਖ਼ਤ ਉਲਟਾਉਣਾ।

ਦੇਸ਼ ਬਚਾਇਆ ਕੌਮ ਬਚਾਈ
ਧਰਮ ਦੀ ਕੀਤੀ ਰਾਖੀ ।
ਰੂਪ ਨਿਆਰਾ ਧਾਰ ਕੇ ਸਿੰਘਾਂ
ਜੈਕਾਰਾ ਨਿਤ ਗਜਾਉਣਾ।

ਅੱਜ ਆਜ਼ਾਦ ਦੇਸ਼ ਦੇ ਅੰਦਰ
ਹਿੰਦ ਬੇੜੇ ਦੇ ਵਾਰਸ
ਡੁਬਦਾ ਬੇੜਾ ਜਿਨਾਂ ਬਚਾਇਆ
ਉਨਾਂ ਨੂੰ ਚਾਹੁਣ ਮੁਕਾਉਣਾ।

ਤਿਲਕ ਜੰਝੂ ਦੇ ਰਾਖੇ ਦੀ ਅੱਜ
ਭੁੱਲ ਗਏ ਕੁਰਬਾਨੀ।
ਉਸ ਦੇ ਪੈਰੋਕਾਰਾਂ ਦਾ ਹੁਣ
ਕਹਿੰਦੇ ਖੁਰਾ ਮਿਟਾਉਣਾ।

ਕੌਣ ਮਿਟੇਗਾ, ਕੌਣ ਰਹੇਗਾ?
ਇਹ ਤਾਂ ਸਮਾਂ ਹੀ ਦੱਸੂ ।
ਮੌਤ ਵਿੱਚੋਂ ਜੋ ਜੀਵਨ ਲੱਭੇ
ਉਹਨੂੰ ਕਿਨੇ ਮਿਟਾਉਣਾ।

ਬਹਾਰ ਵਿੱਚ ਪੱਤਝੜ

ਅੱਜ ਇਸ ਸੁੰਦਰ ਬਾਗ਼ ਦੇ
ਕਿਉਂ ਪੱਤੇ ਕੁੱਲ ਮੁਰਝਾਏ ਨੇ।
ਇਹਦੀ ਕਲੀ ਕਲੀ ਕੁਮਲਾਈਏ
ਕਿਸ ਖੇੜੇ ਆਣ ਨਸਾਏ ਨੇ।

ਸਭ ਪੱਤੇ ਪੀਲੇ ਪੈ ਗਏ ਨੇ
ਨਾ ਗੰਧ ਫੁੱਲਾਂ ’ਚੋਂ ਆਉਂਦੀ ਏ।
ਹਰ ਡਾਲੀ ਅੱਜ ਨਿਰਾਸ਼ਾ ਵਿਚ
ਕਿਉਂ ਆਪਣਾ ਸ਼ੀਸ ਝੁਕਾਉਂਦੀ ਏ ।
ਜੋ ਖੇੜੇ ਵੰਡਦਾ ਸਭ ਨੂੰ ਸੀ
ਉੱਥੇ ਰੰਗ ਉਦਾਸੀ ਛਾਏ ਨੇ।
ਇਸ ਖਿੜੀ ਬਹਾਰ ਦੀ ਰੁੱਤ ਅੰਦਰ
ਕਿਸ ਖੇੜੇ ਆਣ ਨਸਾਏ ਨੇ।

ਨਾ ਮੱਖੀਆਂ ਮਿੱਠਾ ਚੂਸਦੀਆਂ
ਨਾ ਭੌਰੇ ਗੰਧ ਸਮਾਉਂਦੇ ਨੇ।
ਨਾ ਆਵੇ ਕੋਈ ਫੁਲੇਰਾ ਹੂਣ
ਫੁਲਹਾਰ ਨਾ ਕੋਈ ਬਣਾਉਂਦੇ ਨੇ।
ਰੰਗ ਰੱਤੀ ਜਵਾਨੀ ਆ ਇੱਥੇ
ਨਾ ਜੂੜੇ ਫੁੱਲ ਸਜਾਏ ਨੇ।
ਅੱਜ ਖਿੜੀ ਬਹਾਰ ਦੀ ਰੁੱਤ ਅੰਦਰ
ਕਿਸ ਖੇੜੇ ਆਣੇ ਨਸਾਏ ਨੇ।

ਇੱਥੇ ਕੋਇਲਾਂ ਨਹੀਂ ਹਨ ਕੂਕਦੀਆਂ
ਨਾ ਬੁਲਬੁਲ ਰਾਗ ਸੁਣਾਂਦੀ ਏ।
ਸੰਸਾਰ ਲੁਟਾ ਕੇ ਦੁਖੀਆਂ ਕੋਈ
ਅੱਜ ਵੈਣ ਗੀਤ ਪਈ ਗਾਂਦੀ ਏ।
ਦੜ ਦੜ ਕਰਦੇ ਫਿਰਨ ਸ਼ਿਕਾਰੀ
ਜਿਨਾਂ ਪੰਛੀ ਮਾਰ ਮੁਕਾਏ ਨੇ।
ਅੱਜ ਏਸ ਬਹਾਰ ਦੀ ਰੁੱਤ ਅੰਦਰ
ਕਿਉਂ ਪੱਤਝੜ ਰੰਗ ਵਿਖਾਏ ਨੇ।

ਭੁੱਲੜ ਮਲਾਹ

ਇੱਕ ਬੇੜਾ ਠਿਲਿਆ ਸੀ
ਤੂਫਾਨੀ ਸਾਗਰ ਵਿੱਚ
ਅਨਗਿਣਤ ਮੁਸਾਫਰ ਜੋ
ਮੰਜ਼ਿਲ ਵੱਲ ਨੀਝ ਲਗਾ ਕੇ ਉਹ
ਕਿਸੇ ਆਸ ’ਚ ਅੱਗੇ ਵਧ ਰਹੇ ਸਨ।
ਪਤਵਾਰ ਚਲਾਉਂਦੇ ਹੋਏ।
ਲਹਿਰਾਂ ਵਿਚ ਗਰਕ ਹੋਏ
ਸਣੇ ਤਨ ਦੇ ਬਸਤ੍ਰ ਕਈਆਂ ਦੇ,
ਸਨ ਏਥ ਲੀਰੋ ਲੀਰ ਹੋਏ,
ਪਰ ਅੱਗੇ ਵਧਣੋ ਰੁਕੇ ਨਹੀਂ।
ਸਿਰ ਤਲੀ ਤੇ ਰੱਖ ਕੇ ਚੱਲੇ ਸਨ
ਤੂਫ਼ਾਨ ਵੇਖ ਨਾ ਕੰਬੇ ਉਹ।
ਬੇੜਾ ਇਹ ਵੀਰ ਜਵਾਨਾਂ ਦਾ
ਅੱਗੇ ਹੀ ਵਧਦਾ ਜਾਂਦਾ ਸੀ।
ਜਦ ਮੰਜ਼ਿਲ ਨੇੜੇ ਪੁੱਜਿਆ ਉਹ
ਕੁੱਝ ਪਤਵੰਤੇ ਸੱਜਣ ਆ ਪਹੁੰਚੇ
ਉਹ ਆਪ ਨੂੰ ਅਸਲ ਮਲਾਹ ਦੱਸਣ।
ਜੈ ਜੈ ਕਾਰ ਉਨਾਂ ਦੀ ਹੋਈ
ਸਭ ਰਾਹੀਆਂ ਨੇ ਹੱਥ ਵਟਾਏ।
ਜਦੋਂ ਕਿਨਾਰਾ ਨੇੜੇ ਦਿਸਿਆ
ਇਨਾਂ ਮਲਾਹਾਂ ਦੇ ਚਿੱਤ ਅੰਦਰ
ਪਤਾ ਨਹੀਂ ਕੀ ਫ਼ੁਰਨਾ ਫੁਰਿਆ
ਠਿਲਦੇ ਬੇੜੇ ਵਿੱਚ ਉਹਨਾਂ
ਆਪੇ ਉੱਠਕੇ ਛੇਕ ਢਾ ਪਾਏ।
ਬੇੜੇ ਦੇ ਸਭ ਪਾਂਧੀ ਉਹਨਾਂ
ਮੰਝਧਾਰ ਦੇ ਵਿੱਚ ਰੁੜਾਏ।

ਅਨੋਖਾ ਲੋਕ ਰਾਜ

ਸਾਡਾ ਲੋਕ ਰਾਜ

ਅੱਜ ਲੋਕਾਂ ਦੇ ਰਾਜ ਵਿਚ
ਲੋਕ ਹੋਏ ਨਿਤਾਣੇ।
ਲੋਕ ਰਾਜ ਨੇ ਪਹਿਨ ਲਏ
ਸਾਮਰਾਜੀ ਬਾਣੇ।
ਵੋਟਾਂ ਲੈ ਬਣ ਜਾਂਵਦੇ
ਮੁੜ ਰਾਜੇ ਰਾਣੇ ।
ਲੁੱਟ ਦਾ ਜਾਲ ਵਿਛਾਉਣ ਲਈ
ਕਈ ਤਣਦੇ ਤਾਣੇ।
ਦਰਦ ਦਇਆ ਦੇ ਭਾਵ ਨੂੰ
ਅੱਜ ਕੋਈ ਨਾ ਜਾਣੇ।
ਲੋਕ ਬਣੇ ਮਜ਼ਲੂਮ ਅੱਜ
ਹਾਕਮ ਜਰਵਾਣੇ।
ਮੂਰਖ ਕਹਿਣ ਗ਼ਰੀਬ ਨੂੰ
ਆਪ ਬਣਨ ਸਿਆਣੇ।
ਖ਼ਾਨਦਾਨੀ ਰਾਜੇ ਬਣਨ ਲਈ
ਕਈ ਕਰਨ ਧਿਙਾਣੇ।
ਕਾਰਜ ਕਰਮ ਵਿੱਚ ਜੋੜਦੇ
ਕਈ ਸੁਪਨ ਸੁਹਾਣੇ।
ਪਰ ਪੇਟ ਭਰਨ ਨੂੰ ਦੇਣ ਨਾ
ਭੁੱਖ ਮਰਨ ਨਿਆਣੇ।
ਜੋ ਸਨਮੁਖ ਜ਼ੁਲਮ ਨ ਝੁਕ ਸਕੇ
ਨਿਤ ਅੜਨਾ ਜਾਣੇ।
ਉਹਨੂੰ ਦੇਸ਼ ਧ੍ਰੋਹੀ ਆਖ ਕੇ
ਉਹ ਭੰਡਣ ਕੁੱਲ ਜਹਾਨੇ।
ਡੋਬਣ ਝੱਟ ਮੰਝਧਾਰ ਵਿੱਚ
ਨਿਤ ਨਵੇਂ ਮੁਹਾਣੇ।

ਕੋਈ ਮਰਦ ਫਿਰ ਹੋਸੀ

ਕੂੜ ਮੇਘ ਦੇ ਉਹਲੇ ਲੁਕਿਆ
ਫੇਰ ਚੰਦ੍ਰਮਾ ਸੋਚ ਦਾ।
ਹੀਰਾ ਅਪਨੇ ਤਾਈਂ ਜਣਾਵੇ
ਝੂਠਾ ਮੋਤੀ ਕੱਚ ਦਾ।

ਅੱਜ ਫਿਰ ਰਾਜ ਤਖ਼ਤ ਦੇ ਸਨਮੁਖ
ਧਰਮ ਦੇ ਝੰਡੇ ਝੁਕ ਗਏ
ਸੱਚ ਦੀ ਬਾਣੀ ਬੋਲਣ ਵਾਲੇ
ਸੱਚ ਸੱਚ ਬੋਲਣੋਂ ਉੱਕ ਗਏ।

ਪਾਰ ਲੰਘਾਵਣ ਵਾਲੇ ਕੰਬਣ,
ਵਿਚ ਮੰਝਧਾਰ ਮੂਹਾਣੇ।
ਚੱਪੂ ਉਨਾਂ ਦੇ ਹੱਥੋਂ ਛੁੱਟ ਗਏ
ਹੋ ਗਏ ਉਹ ਨਿਤਾਣੇ।

ਡਾਵਾਂ ਡੋਲ ਜਹਾਜ਼ ਨੂੰ ਥੰਮ੍ਹਸੀ
ਕੋਈ ਸਿਰਲੱਥਾ ਸੂਰਾ।
ਸੁੱਤੀ ਕੌਮ ਜਗਾ ਦੇਵੇਗਾ ।
ਕੋਈ ਮਰਦ ਫਿਰ ਪੂਰਾ।

ਜ਼ੁਲਮ ਦੀ ਹਨੇਰੀ

ਅੱਜ ਚੜਦੇ ਦੇਸ਼ ਪੰਜਾਬ ਵਿਚ
ਕਿਉਂ ਸੂਰਜ ਡੁੱਬਿਆ ਦਿਸਦਾ ਏ।
ਜੋ ਜੀਵਨ ਜੋਤ ਜਗਾਂਦਾ ਸੀ
ਉਹ ਦੀਵਾ ਬੁਝਿਆ ਦਿਸਦਾ ਏ।

ਸਭ ਪਾਸੇ ਘੁੱਪ ਹਨੇਰਾ ਏ
ਨਾ ਦਿਸੇ ਕਿਤੇ ਸਵੇਰਾ ਏ।
ਬੰਦਾ ਜੋ ਬੰਦੇ ਦਾ ਸਾਥੀ
ਅੱਜ ਵੈਰੀ ਬਣਿਆ ਦਿਸਦਾ ਏ।

ਅੱਜ ਦੇਸ਼ ਦੇ ਰਾਖੇ ਵੀਰਾਂ ਤੇ
ਕਰਦੇ ਨੇ ਵਾਰ ਉਹ ਤੀਰਾਂ ਦੇ
ਹੁਣ ਤਾਣ ਬੰਦੂਕਾਂ ਬੈਠੇ ਨੇ,
ਉਹਨਾਂ ਵੀਰ ਹੀ ਵੈਰੀ ਦਿਸਦਾ ਏ
ਇਹ ਖੇਡ ਕਦੋਂ ਤੱਕ ਚੱਲੇਗੀ ਇਹਦਾ ਅੰਤ ਨਾ ਕੋਈ ਜਾਣ ਸਕੇ
ਤਾਕਤ ਦੇ ਵਿਚ ਨਸ਼ਿਆਇਆਂ ਨੂੰ
ਨਾ ਰਾਹ ਇਨਸਾਫ ਦਾ ਦਿਸਦਾ ਏ।

ਅਮਰ ਜੀਵਨ ਦਾ ਸ੍ਰੋਤ

ਅੱਜ ਇਸ ਬਾਗ਼ ਦੇ ਖੇੜੇ ਨੂੰ
ਕਿਉਂ ਜਾਲਮਾਂ ਆ ਕੇ ਲੁੱਟਿਆ ਏ
ਕਿਸੇ ਨੇ ਫਲ ਤੋੜੇ,
ਫੁੱਲ ਕਿਸੇ ਨੇ ਮਰੋੜੇ,
ਕਿਸੇ ਨੇ ਜੜ ਤੋਂ ਫੜ ਕੇ
ਬੂਟਾ ਹੀ ਪੁੱਟਿਆ ਏ।
ਜੀਅ ਦਾਨ ਜਿੱਥੋਂ ਮਿਲਦਾ
ਕਤਲਾਮ ਹੋਈ ਓਥੇ
ਦੇਂਦਾ ਜੋ ਅਮਰ ਜੀਵਨ
ਮੌਤ ਆਮ ਹੋਈ ਓਥੇ,
ਅੰਮ੍ਰ੍ਰਿਤ ਬੂੰਦ ਜਿੱਥੇ ਵਰਦੀ
ਵੇਖੋ ਹਨੇਰ ਕਿੰਨਾ
ਮੀਂਹ ਗੋਲੀਆਂ ਦਾ ਵੱਸਿਆ।
ਇਹ ਤਾਂ ਹਰੀ ਦਾ ਮੰਦਰ
ਕਿਸੇ ਨਾ ਉਹਨੂੰ ਦੱਸਿਆ।

ਨਾ ਕੋਈ ਫੋਨ ਨਾ ਤਾਰਾਂ ਪਹੁੰਚਣ
ਇੱਕ ਦੂਜੇ ਤੋਂ ਟੁੱਟ ਗਏ ਸਾਰੇ।
ਤੜਫਣ ਲੁੱਛਣ ਬੈਠ ਘਰਾਂ ਵਿਚ
ਕਿਸੇ ਨਾ ਕੋਈ ਆਦੇਸ਼ ਸੀ ਪਾਇਆ।
ਫਿਰ ਵੀ ਸਿੰਘਾਂ ਘੱਤ ਵਹੀਰਾਂ
ਅੰਮ੍ਰਿਤ ਸਰ ਵੱਲ ਕਦਮ ਵਧਾਇਆ।
ਭਾਵੇਂ ਫ਼ੌਜਾਂ ਉਨਾਂ ਤਾਈਂ ਸੀ
ਸ਼ਹਿਰੋਂ ਬਾਹਰ ਹੀ ਰੋਕ ਰਖਾਇਆ।
ਪਰ ਅੰਦਰ ਬੈਠਿਆਂ ਤਿੰਨ ਦਿਨ ਪੂਰੇ
ਪੇਸ਼ ਫੌਜ ਦੀ ਜਾਣ ਨਾ ਦਿੱਤੀ।
ਤੋਪਾਂ ਦੇ ਮੂੰਹ ਮੋੜ ਵਿਖਾਏ
ਸਿੰਘਾਂ ਐਸਾ ਜ਼ੋਰ ਵਿਖਾਇਆ।
ਦੰਦ ਖੱਟੇ ਜਦ ਹੋਏ ਸੈਨਾ ਦੇ
ਟੈਂਕ ਹਾਕਮਾਂ ਭੇਜ ਸੀ ਦਿੱਤੇ,
ਸਾਡਾ ਹਾਕਮ ਸਾਡੇ ਉੱਤੇ
ਵੈਰੀਆਂ ਵਾਗੂੰ ਚੜਕੇ ਆਇਆ।
ਦੁੱਧ ਚਿੱਟੀ ਪਰਿਕਰਮਾ ਅੰਦਰ
ਨਿਰਦੋਸ਼ ਲਹੂ ਦੀ ਨਦੀ ਵਸਾਈ
ਅੰਮ੍ਰਿਤ ਸਰ ਦੇ ਪਾਵਨ ਜਲ ਵਿੱਚ
ਲਾਲ ਲਹੂ ਦਾ ਰੰਗ ਰਲਾਇਆ।
ਹਰਿ ਦਾ ਮੰਦਰ ਦਿਲ ਜੋ ਸਾਡਾ
ਗੋਲੀਆਂ ਨਾਲ ਛਾਨਣੀ ਕੀਤਾ,
ਗੁਰ ਦੇ ਢਾਡੀਆਂ ਪਾਠੀਆਂ ਨੂੰ ਵੀ
ਜਾਮਿ ਸ਼ਹੀਦੀ ਆਣ ਪਿਲਾਇਆ।
ਗੁਰੂ ਗ੍ਰੰਥ ਸਰੂਪ ਅਨੇਕਾਂ
ਅਗਨ ਭੇਟ ਸੀ ਕੀਤੇ ਉਹਨਾਂ
ਗੋਲੀਆਂ ਨਾਲ ਉਨਾਂ ਦੇ ਸੀਨਿਆਂ
ਸਣੇ ਰੁਮਾਲਾਂ ਵਿੰਨ ਵਿਖਾਇਆ।
ਕਾਲ ਰਹਿਤ ਸਿੰਘਾਸਨ ਗੁਰ ਦਾ
ਵੈਰੀਆਂ ਨੇ ਢਾਹ ਢੇਰੀ ਕੀਤਾ,
ਮੱਸ ਫੁੱਟਦੇ ਲਾਲਾਂ ਨੂੰ ਫੜ ਫੜ
ਸੱਚ ਖੰਡ ਦੇ ਰਸਤੇ ਪਾਇਆ।
ਮਾਵਾਂ ਸਾਹਵੇਂ ਬੱਚੇ ਕੋਹੇ
ਭੈਣਾਂ ਸਨਮੁਖ ਵੀਰ ਕਹਾਏ,
ਰੋਲੇ ਕਈ ਸੁਹਾਗ ਮਿੱਟੀ ਵਿੱਚ
ਬਾਲਾਂ ਤਾਈਂ ਯਤੀਮ ਕਰਾਇਆ।
ਸਰ ਦੇ ਕੰਢੇ ਪਰ ਤ੍ਰਿਹਾਏ
ਮੰਗਿਆਂ ਜਦ ਨਾ ਮਿਲਦਾ ਪਾਣੀ
ਲਹੂ ਪਿਸ਼ਾਬ ਮਿਲਾ ਕੇ ਸ਼ਰਬਤ
ਅੰਤ ਸਮੇਂ ਕਈਆਂ ਮੂੰਹ ਪਾਇਆ
ਕੌਮ ਦੇ ਹੀਰੇ ਲਾਲ ਗੁਰੂ ਦੇ
ਹੱਸਦੇ ਹੱਸਦੇ ਵਾਰ ਗਏ ਆਪਾ,
ਫ਼ਤਹ ਸਿੰਘ ਜਿਹੇ ਬਾਲਾਂ ਨੇ ਵੀ
ਕਾਲ ਸਾਹਵੇਂ ਅਕਾਲ ਗਜਾਇਆ।

ਭੁੱਲ ਚੁੱਕੇ ਇਤਿਹਾਸ ਅਸੀਂ ਜੋ
ਉਹਨਾਂ ਫਿਰ ਸੁਰਜੀਤ ਜਾ ਕੀਤਾ,
ਜਿਨਾਂ ਨੇ ਆਨ ਧਰਮ ਦੀ ਖ਼ਾਤਰ
ਮੌਤ ਖਾੜੀ ਨੂੰ ਹੱਸ਼ ਪਰਨਾਇਆ।
ਸਾਡਾ ਹਾਲ ਨਿਵਾਸ ਜਾਂ ਦਫਤਰ
ਕੋਈ ਨਾ ਬਚਿਆ ਸੈਨਾ ਕੋਲੋਂ
ਹੱਥੀ ਲਿਖੇ ਗ੍ਰੰਥਾਂ ਨੂੰ ਵੀ
ਬਸੰਤਰ ਦੇਵ ਦੀ ਭੇਟ ਚੜਾਇਆ।
ਕਿੰਨੇ ਗੁਰੂ ਦੀ ਗੋਦ ਜਾ ਪਹੁੰਚੇ
ਗਿਣਤੀ ਕਰਕੇ ਦੱਸ ਨਾ ਸਕੀਏ,
ਪੰਜ ਅੰਕਾਂ ਤੋਂ ਵੱਧ ਹੀ ਹੋਸਣ
ਜਿੰਨਿਆਂ ਕੁ ਦਾ ਲਹੂ ਡੁਲਾਇਆ।
ਸਾਰੇ ਪੂਜਯ ਸਥਾਨਾਂ ਅੰਦਰ
ਲਗਭਗ ਇਹੋ ਜਿਹੇ ਸਾਕੇ ਹੋਏ
ਪਰ ਸੈਂਸਰ ਦੇ ਕਾਰਣ ਸਾਨੂੰ
ਸਹੀ ਹਾਲ ਨਾ ਕਿਸੇ ਪੁਚਾਇਆ।
ਰੂਹ ਸਾਡੀ ਨੂੰ ਖੰਡਰ ਕੀਤਾ
ਪਰ ਉਸ ਨੂੰ ਅਸੀਂ ਵੇਖ ਨਾ ਸਕੀਏ।
ਕਾਰ ਸੇਵਾ ਦਾ ਲਾ ਕੇ ਲੇਬਲ
ਹੁਣ ਵਿਗੜੀ ਨੂੰ ਢਾਹੁਣ ਬਣਾਇਆ।
ਰਾਜ ਤਖ਼ਤ ਦੇ ਸਾਬਕਾ ਨੇ ਫਿਰ
ਸੰਤੇ ਨੂੰ ਲਾ ਆਪਨੇ ਅੱਗੇ।
ਸ਼ੇਰ ਦੀ ਖੱਲ ਪਵਾ ਕੇ ਗਧਿਆਂ
ਇਕੱਠ ਖਾਲਸਾ ਕਰ ਦਿਖਲਾਇਆ
ਚਾਂਦੀ ਦੇ ਫੜ ਚਿੱਤਰ ਮਾਰੇ
ਸੀਤੇ ਉਨਾਂ ਨੇ ਨਕਲੀ ਬਾਣੇ,
ਭਈਆ ਲਸ਼ਕਰ ਕਰਕੇ ਕੱਠਾ
ਸਰਬਤ ਖ਼ਾਲਸਾ ਨਾਮ ਧਰਾਇਆ।
ਸਿੱਖ ਕਾਨਵੈਨਸ਼ਨ ਤੇ ਲਾ ਰੋਕਾਂ
ਥਾਂ ਥਾਂ ਫ਼ੌਜ ਦੀ ਟੁਕੜੀ ਭੇਜੀ
ਲੱਖਾਂ ਸਿੰਘਾਂ ਫਿਰ ਵੀ ਜਾ ਕੇ
ਜੌਹਰ ਆਪਣਾ ਖ਼ੂਬ ਦਿਖਾਇਆ
ਨਿਤ ਨਵੀਂ ਪ੍ਰਭਾਤ ਜੋ ਆਵੇ
ਜ਼ੁਲਮ ਦੀ ਨਦੀਂ ਸੁਣਾਏ ਗਾਥਾ
ਫਿਰ ਵੀ ਸਿੰਘਾਂ ਕੱਠੇ ਹੋ ਕੇ
ਸ਼ਾਂਤ ਮਈ ਦਾ ਪ੍ਰਣ ਨਿਭਾਇਆ
ਜਿਨਾਂ ਨੇ ਪੀਤੀ ਪਾਹੁਲ ਖੰਡੇ ਦੀ
ਦੇਸ਼ ਲਈ ਜੋ ਆਪਾ ਵਾਰਨ
ਨਾਲ ਬਹਾਨੇ ਭੁੰਨੇ ਜਾਂਦੇ
ਫਿਰ ਵੀ ਸਿੰਘਾਂ ਦਿਲ ਨਾ ਢਾਹਿਆ
ਖੰਡੇ ਧਾਰ ਚੋਂ ਪੈਦਾ ਹੋਏ
ਗੋਲੀਆਂ ਦੀ ਵਾਛੜ ਵਿਚ ਨਾਉਂਦੇ
ਇੰਦਰਾ ਚੰਡੀ ਦੀ ਇਸ਼ ਛਹਿਬਰ
ਅਜੇ ਨਾ ਸ਼ੇਰਾਂ ਤਾਈਂ ਡੁਲਾਇਆ