1989-ਨਵੇਂ ਵਰੇ ਦੇ ਕਾਰਡ ਦਾ ਉੱਤਰ

ਨਵਾਂ ਵਰਾ ਆਇਆ
ਕੋਈ ਕਾਰਡ ਨਹੀਂ ਭੇਜਿਆ
ਨਾ ਕੋਈ ਕਾਰਡ ਆਇਆ!

ਅੱਜ ਇਸ ਨਵੇਂ ਸਾਲ ਦੇ
ਪਲੇਠੇ ਮਹੀਨੇ ਦੇ
ਪਹਿਲੇ ਸਪਤਾਹ
ਇੱਕ ਕਾਰਡ ਮਿਲਿਆ
ਪਿਆਰ ਨਾਲ ਭਰਿਆ
ਸੋਨ ਸੁਨਹਿਰੀ
ਸੂਰਜ ਦੀਆਂ ਰਿਸ਼ਮਾਂ
ਵਿੱਚ ਗੁੰਦਿਆਂ ਨੱਚਦੀਆਂ, ਟੱਪਦੀਆਂ,
ਹੁਲਾਰੇ ਲੈਦੀਆਂ
ਸੋਹਣੀਆਂ ਸੁੰਦਰ
ਮੂਰਤਾਂ ਵਾਲਾ।
ਹਾਂ,
ਸੁਨੇਹਾ ਲੈ ਕੇ ਆਇਆ
ਨਵੇਂ ਵਰੇ ਦੀਆਂ ਖ਼ੁਸ਼ੀਆਂ ਦਾ।

ਸੂਰਜ ਦੀਆਂ ਰਿਸ਼ਮਾਂ
ਦਮਕਦੇ ਹੀਰੇ
ਘੁੱਪ ਹਨੇਰਿਆਂ ਵਿੱਚ
ਗੁੰਮ ਹੋ ਚੁੱਕੇ ਹਨ।

ਸਵਾਸਾਂ ਦੀ ਲੜੀ ਨੂੰ
ਫਾਹੀ ਦੇ ਫੰਧਿਆਂ ਨੇ
ਤੋੜ ਸੁਟਿਆ ਏ।
ਸਭ ਪਾਸੇ
ਉਦਾਸੀ
ਨਿਰਾਸ਼ਾ
ਗੁੱਸਾ
ਘੁੱਪ ਹਨੇਰਾ।

ਕਿਸੇ ਮਾਂ ਦੀ ਸੱਖਣੀ ਗੋਦ,
ਕਿਸੇ ਸੁਹਾਗਣ ਦਾ
ਭੰਰਡਿਆ ਸੁਹਾਗ ,
ਵੀਰਾਂ ਦੀਆਂ
ਭੱਜੀਆਂ ਬਾਹਵਾਂ
ਭੈਣਾਂ ਦੀਆਂ ਮਧੋਲੀਆਂ ਸਧਰਾਂ
ਪਿਤਾ ਦੀ ਟੁਕੜੇ ਹੋਈ ਡੰਗੋਰੀ,
ਮਿਤ੍ਰਾਂ ਦੀ ਮਿਤ੍ਰਤਾ ਦੇ ਚੀਥੜੇ।
ਬੱਸ
ਇਹ ਕੁਝ ਅੱਖਾਂ ਸਾਹਵੇਂ।

ਨਵੇਂ ਵਰੇ ਦਾ ਕਾਰਡ
ਖੁਸੀਆਂ ਖੇੜੇ
ਸੋਨ ਸੁਨਹਿਰੀ ਰਿਸ਼ਮਾਂ,
ਪਿਆਰ ਭਰੇ ਸੁਨੇਹੇ,
ਇੱਕ ਪ੍ਰਸ਼ਨ ਚਿੰਨ,
ਹਾਂ ਪ੍ਰਸ਼ਨ ਚਿੰਨ ਬਣ ਗਿਆ।

ਧੰਨਵਾਦ ?
ਕਿਸ ਹਿਰਦੇ ਵਿਚੋ?
ਕਿਸ ਕਲਮ ਨਾਲ?
ਖਿਮਾ ਕਰਨਾ।

ਪਰ ਨਹੀਂ
ਧੰਨਵਾਦ ਕਰਨਾ ਜ਼ਰੂਰੀ ਏ।
ਇਹ ਸੁਨੇਹੇ ਸੂਚਕ ਨੇ
ਇਸ ਗੱਲ ਦੇ
ਨਿਰਾਸ਼ਾ ਵਿਚੋਂ ਆਸ਼ਾ
ਬੱਦਲਾਂ ਵਿਚੋਂ ਸੂਰਜ,
ਹਨੇਰੇ ੳਹਲੇ ਚਾਨਣ

ਖ਼ੁਸ਼ੀਆਂ
ਜੋ ਚਮਕਦੀਆਂ ਨੇ
ਜੋ ਰੌਸ਼ਨ ਹੁੰਦੀਆਂ ਨੇ
ਜੋ ਮਨ ਨੂੰ ਖਿੜਾਉਂਦੀਆਂ ਨੇ
ਜੋ ਕਿਸੇ ਅਨੋਖੇ ਲੋਰ ਵਿੱਚ
ਝੂਮਾੳਦੀਆਂ ਨੇ ।

ਪਰ
ਇਸ ਕਾਰਡ ਨੂੰ
ਸੀਨੇ ਨਾਲ ਲਾ ਕੇ
ਸੇਕ ਭਰੀ ਠੰਢਕ
ਮਹਿਸੂਸ ਹੋਈ ।
ਨੈਣਾਂ ਅੱਗੇ ਆਏ
ਧੁੰਧਲਕੇ ਨੇ
ਇਸ ਦੇ ਰੰਗਾਂ ਨੂੰ
ਮੱਧਮ ਪਾ ਦਿੱਤਾ।
ਇਸ ਦੇ ਹੁਲਾਰੇ
ਹੁਲਾਰੇ ਨਾ ਰਹਿਕੇ
ਉਦਾਸੀ ਤੇ ਗ਼ਮ ਦੇ
ਪਰਛਾਵਿਆਂ
ਵਿੱਚ ਬਦਲ ਗਏ।

ਅੱਜ ਅਖਬਾਰ ਦੇ
ਕਾਲ ਅੱਖਰਾਂ ਵਿੱਚ
ਲਿਖੇ
ਕਲਿੱਤਣ ਭਰੇ
ਸੁਨੇਹੇ ਮਿਲੇ।
ਕੌਮ ਦੇ ਦੋ ਹੀਰੇ
ਚਮਕਦੇ ਚਮਕਾਂਦੇ
ਅਤੀਤ ਦੀਆਂ ਡੂੰਘੀਆਂ
ਹਨੇਰੀਆਂ ਗੁਫਾਵਾਂ ਵਿੱਚ
ਲੋਪ ਹੋ ਜਾਣੇ ਸਨ।
ਕਿਸੇ ਸਰਾਪੀ ਹੋਈ
ਕਾਲੀ ਚਾਦਰ ਨੇ
ਆਪਣੀ ਬੁੱਕਲ ਵਿਚ
ਲੁਕਾ ਲੈਣੇ ਸਨ।
ਸਦਾ ਸਦਾ ਲਈ
ਲੁਕਾ ਲੈਣੇ ਸਨ।