ਸਹਿਜ ਸੁਹੇਲੀ ਕਾਇਆਂ

ਹੱਥ ਜੁੜੇ ਅਰਦਾਸ ਦਾਤਾ
ਦੇਵੋ ਨਾਮ ਨਿਵਾਸ।

ਮਿਹਰਾਂ ਵਾਲ਼ੇ ਸਾਈਂ
ਮਾਲਕ ਬਾਜਾਂ ਵਾਲ਼ੇ
ਪੰਥ ਮੇਰਾ, ਤਨ ਤੇਰਾ
ਕਾਇਆਂ ਸਜੀ ਸੁਹਾਣੀ।

ਬਘਿਆੜਾਂ ਦੇ ਪੰਜੇ ਖੂਨੀ
ਮੁਰਦਾ ਕਹਿਰ ਜੱਲਾਦਾਂ ਵਾਲ਼ਾ
ਜਾਂ ਗਿਰਝਾਂ ਦੇ ਝੁੰਡ
ਹਵਸਾਂ ਸੂਤੇ ਚਿੱਤ ਤਿਹਾਏ
ਕਦੇ ਨਾ ਪੀਤਾ ਪਾਣੀ
ਨਾ ਕੋਈ ਅੱਖ ਵਿੱਚ ਹੰਝੂ
ਨਾ ਤੁਪਕੇ ਦਾ ਰੰਗ ਬਲੌਰੀ
ਅੱਖ ਭਰ ਤੱਕਿਆ, ਦਿਲੇ ਵਸਾਇਆ
ਮੁੜ ਮੁੜ ਨੋਚੀ ਜਾਵਣ
ਪੰਥ ਤੇਰੇ ਦੀ ਕਾਇਆਂ।

ਸਜੀ ਸੁਹੇਲੀ ਤੇਰੀ ਕਾਇਆਂ
ਸਤਿਗੁਰ ਮੇਰੇ
ਕਲਗੀਆਂ ਵਾਲ਼ੇ, ਮਿਹਰਾਂ ਵਾਲ਼ੇ
ਜਾਂ ਵੇਖਾਂ ਤਾਂ ਜੀਵਾਂ।

ਵੇਦਨ ਗਹਿਰੀ, ਅੱਥਰੂ ਉਮ੍ਹਲ਼ੇ
ਹੰਝੂ ਤਿੱਖਾ ਬਰਛਾ
ਲਿਸ਼ਕਾਂ ਮਾਰੇ
ਕਿਲਵਿਖ ਚੀਰੇ, ਜੁਗਾਂ ਪੁਰਾਣੇ
ਸਿੰਜੇ ਹੰਝੂ ਔੜੇ ਮਨ ਨੂੰ
ਕਾਇਆਂ ਮੌਲੇ ਦਰਦਾਂ ਮਾਰੀ
ਡੂੰਘਾ ਦਰਦ, ਡੂੰਘੇਰਾ ਹੋ ਹੋ
ਕਾਇਆਂ ਨੂੰ ਰੁਸ਼ਨਾਵੇ ਮੁੜ ਮੁੜ।

ਮਨ ਮੇਰਾ ਝੀਲਾਂ ਦਾ ਪਾਣੀ
ਡੂੰਘਾ ਲਹਿ ਲਹਿ ਜਾਵੇ
ਅੰਦਰੇ ਅੰਦਰ
ਆਪਣੇ ਆਪ ‘ਚ ਥੀਵੇ
ਗਿਰਦ ਵਾਦੀਆਂ ਹਰੀਆਂ ਭਰੀਆਂ
ਸੁਬਕ ਹਵਾਵਾਂ
ਠੰਡੀਆਂ ਛਾਵਾਂ
ਮੁੜ ਮੁੜ ਘੱਲਣ
ਮਾਂ ਦੀ ਗੋਦ ਨਿਹਾਲੇ
ਬਾਲ ਅੰਞਾਣਾ
ਵਹਿੰਦਾ ਵਹਿੰਦਾ ਡੁੱਬ ਡੁੱਬ ਜਾਵੇ
ਸਹਿਜ ਸੁਹੇਲੀ ਬਾਣੀ
ਟਿਕਿਆ ਟਿਕਿਆ
ਆਪਣਾ ਆਪ ਬੋਚਕੇ ਸਾਂਭੇ
ਮਨ ਮੇਰਾ
ਸਹਿਜ ਅਵੱਲੜੇ
ਤਨ ਵਿੱਚ ਪਿਆ ਲਹਿਰਾਵੇ
ਕਹਿਰਾਂ ਵਾਲ਼ੇ ਜ਼ੋਰ।

ਤਨ ਮੇਰਾ ਹੋ ਨਿਰਮਲ
ਚੜ੍ਹਦੇ ਦਿਹੁੰ ਦੀ ਲਾਲੀ ਦੇ ਵਿੱਚ
ਤੇਗ ਲਿਸ਼ਕਦੀ
ਕਾਇਆਂ ਮੇਰੀ
ਤੇਗ ਅਦਿੱਖ ਰੋਸ਼ਨੀ ਸ਼ੂਕੇ
ਨਾਮ ਤੇਰੇ ਦੀ ਨਿਰਮਲ ਧਾਰਾ
ਵਿੱਚੇ ਵਿੱਚ ਕੋਈ ਦਰਦ ਡੂੰਘੇਰੇ
ਜਿੰਦ ਭਰਪੂਰੀ
ਕਾਇਆਂ ਖਿਣ ਖਿਣ ਮੇਟ ਮੇਟ ਕੇ ਵੇਖਾਂ
ਮਰ ਮਰ ਜੀਵਾਂ
ਪੈੜਾਂ ਕਰਦਾ ਦਰ ਤੇਰੇ ਵੱਲ।

ਪੈੜ ਮੇਰੀ ਨੂੰ ਨਦਰਿ ਨਿਹਾਲੋ
ਸਹਿਜ ਸੁਹੇਲੀ ਕਾਇਆਂ
ਮੇਟ ਮੇਟ ਕੇ ਜਬਰ ਦੇ ਲਸ਼ਕਰ
ਦਰ ਤੇਰੇ ਵੱਲ ਧਾਉਂਦੀ
ਗਲ਼ ਨਾਲ਼ ਲਾਵੋ
ਸਤਿਗੁਰ ਨੀਲੇ ਦੇ ਅਸਵਾਰ
ਬੰਦ ਬੰਦ ਇਹ ਤੇਰਾ ਹੋਵੇ
ਬੰਦ ਬੰਦ ਕਟਵਾਵਾਂ
ਹੱਸਦਾ ਆਵਾਂ
ਦਰ ਤੇਰੇ ‘ਤੇ ਮੱਥਾ ਟੇਕਾਂ
ਮਰ ਮੁੱਕ ਜਾਵਾਂ।

(ਭਾਈ ਅਨੋਖ ਸਿੰਘ ਬੱਬਰ ਨਿਮਿਤ)

ਇਹ ਤਾਂ ਕਦੇ ਵੀ ਹੋ ਨਹੀਂ ਸਕਦਾ

ਤਾਜ ਤੰਰਡੋ, ਢਾਹੋ ਸਿੰਘਾਸਣ,
ਅਣਖ ਵੰਗਾਰੋ, ਬੀਰ ਸੰਘਾਰੋ,
ਅਮਨ ਘੁੱਗੀ ਫਿਰ ਘੂੰ ਘੂੰ ਬੋਲੇ,
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਸੁੱਤੇ ਸ਼ੇਰ ਲੂੰ ਆਣ ਜਗਾਓ,
ਤਨ ਉਹਦੇ ਤੇ ਘਾਓ ਲਗਾਓ,
ਭਬਕ ਨਾ ਮਾਰੇ, ਸ਼ਾਂਤ ਰਹੇ ਉਹ,
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਜਵਾਲਾ ਫਟੇ, ਨਾ ਲਾਵਾ ਉੱਠੇ,
ਬਹਿਣ ਅਡੋਲ ਮੂਨਾਰੇ ਉੱਤੇ,
ਲਾਉਣ ਪਲੀਤਾ ਰਹਿਣ ਸਲਾਮਤ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਜੰਮੇ ਸੀਸ ਤਲੀ ਧਰ ਜਿਹੜੇ
ਖੇਡ ਪਲੇ ਕੁਰਬਾਨੀ ਵਿਹੜੇ,
ਅਣਖ ਲਈ ਨਾ ਸ਼ੀਸ ਕਟਾਵਣ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਇਤਿਹਾਸ ਜਿਨਾਂ ਨੂੰ ਦਏ ਗਵਾਹੀ,
ਮਿਲੇ ਜ਼ੁਲਮ ਨੂੰ ਨਾਲ ਗ੍ਰਾਹੀ
ਜ਼ੁਲਮ ਅੱਗੇ ਹੁਣ ਝੁਕ ਜਾਵਣ ਉਹ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਡਿੱਗੇ ਰੁੱਖ ਜੇ ਧਰਤ ਕੰਬਾਏ,
ਗਿਰੇ ਪਹਾੜ ਭੁਚਾਲ ਨਾ ਆਏ?
ਗ਼ਰਕ ਨਾ ਹੋਵੇ ਪਾਪ ਦਾ ਬੇੜਾ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਸਿਰ ਉੱਚਾ ਕਰ ਜੀਉਣ ਜੋ ਸਿੱਖੇ,
ਧੁਰੋਂ ਕੌਮ ਦੇ ਭਾਗ ਉਹ ਲਿਖੇ,
ਟੁੱਟਣੋਂ ਡਰਕੇ ਲਿਫ਼ ਜਾਵਣ ਉਹ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਲਹੂ ਮਾਸੂਮਾਂ ਦਾ ਡੁਲ ਜਾਵੇ।
ਅੰਮ੍ਰਿਤ ਜਲ ਦੇ ਵਿੱਚ ਘੁਲ ਜਾਵੇ।
ਭਾਂਬੜ ਮਚੇ ਪਰ ਸੜੇ ਨਾ ਸੀਨਾ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।

ਸੂਰਜ ਅਗਨ ਦੇ ਬਾਣ ਚਲਾਵੇ।
ਬਰਫ ਪਿਘਲ ਕੇ ਹੜ ਬਣ ਜਾਵੇ।
ਹੜ ਆਵੇ ਨਾ ਰੋੜ ਲਿਜਾਵੇ?
ਇਹ ਤਾਂ ਕਦੇ ਵੀ ਹੋ ਨਹੀਂ ਸਕਦਾ।