ਅੱਜ ਇਸ ਸੁੰਦਰ ਬਾਗ਼ ਦੇ
ਕਿਉਂ ਪੱਤੇ ਕੁੱਲ ਮੁਰਝਾਏ ਨੇ।
ਇਹਦੀ ਕਲੀ ਕਲੀ ਕੁਮਲਾਈਏ
ਕਿਸ ਖੇੜੇ ਆਣ ਨਸਾਏ ਨੇ।
ਸਭ ਪੱਤੇ ਪੀਲੇ ਪੈ ਗਏ ਨੇ
ਨਾ ਗੰਧ ਫੁੱਲਾਂ ’ਚੋਂ ਆਉਂਦੀ ਏ।
ਹਰ ਡਾਲੀ ਅੱਜ ਨਿਰਾਸ਼ਾ ਵਿਚ
ਕਿਉਂ ਆਪਣਾ ਸ਼ੀਸ ਝੁਕਾਉਂਦੀ ਏ ।
ਜੋ ਖੇੜੇ ਵੰਡਦਾ ਸਭ ਨੂੰ ਸੀ
ਉੱਥੇ ਰੰਗ ਉਦਾਸੀ ਛਾਏ ਨੇ।
ਇਸ ਖਿੜੀ ਬਹਾਰ ਦੀ ਰੁੱਤ ਅੰਦਰ
ਕਿਸ ਖੇੜੇ ਆਣ ਨਸਾਏ ਨੇ।
ਨਾ ਮੱਖੀਆਂ ਮਿੱਠਾ ਚੂਸਦੀਆਂ
ਨਾ ਭੌਰੇ ਗੰਧ ਸਮਾਉਂਦੇ ਨੇ।
ਨਾ ਆਵੇ ਕੋਈ ਫੁਲੇਰਾ ਹੂਣ
ਫੁਲਹਾਰ ਨਾ ਕੋਈ ਬਣਾਉਂਦੇ ਨੇ।
ਰੰਗ ਰੱਤੀ ਜਵਾਨੀ ਆ ਇੱਥੇ
ਨਾ ਜੂੜੇ ਫੁੱਲ ਸਜਾਏ ਨੇ।
ਅੱਜ ਖਿੜੀ ਬਹਾਰ ਦੀ ਰੁੱਤ ਅੰਦਰ
ਕਿਸ ਖੇੜੇ ਆਣੇ ਨਸਾਏ ਨੇ।
ਇੱਥੇ ਕੋਇਲਾਂ ਨਹੀਂ ਹਨ ਕੂਕਦੀਆਂ
ਨਾ ਬੁਲਬੁਲ ਰਾਗ ਸੁਣਾਂਦੀ ਏ।
ਸੰਸਾਰ ਲੁਟਾ ਕੇ ਦੁਖੀਆਂ ਕੋਈ
ਅੱਜ ਵੈਣ ਗੀਤ ਪਈ ਗਾਂਦੀ ਏ।
ਦੜ ਦੜ ਕਰਦੇ ਫਿਰਨ ਸ਼ਿਕਾਰੀ
ਜਿਨਾਂ ਪੰਛੀ ਮਾਰ ਮੁਕਾਏ ਨੇ।
ਅੱਜ ਏਸ ਬਹਾਰ ਦੀ ਰੁੱਤ ਅੰਦਰ
ਕਿਉਂ ਪੱਤਝੜ ਰੰਗ ਵਿਖਾਏ ਨੇ।