ਇੱਕ ਬੇੜਾ ਠਿਲਿਆ ਸੀ
ਤੂਫਾਨੀ ਸਾਗਰ ਵਿੱਚ
ਅਨਗਿਣਤ ਮੁਸਾਫਰ ਜੋ
ਮੰਜ਼ਿਲ ਵੱਲ ਨੀਝ ਲਗਾ ਕੇ ਉਹ
ਕਿਸੇ ਆਸ ’ਚ ਅੱਗੇ ਵਧ ਰਹੇ ਸਨ।
ਪਤਵਾਰ ਚਲਾਉਂਦੇ ਹੋਏ।
ਲਹਿਰਾਂ ਵਿਚ ਗਰਕ ਹੋਏ
ਸਣੇ ਤਨ ਦੇ ਬਸਤ੍ਰ ਕਈਆਂ ਦੇ,
ਸਨ ਏਥ ਲੀਰੋ ਲੀਰ ਹੋਏ,
ਪਰ ਅੱਗੇ ਵਧਣੋ ਰੁਕੇ ਨਹੀਂ।
ਸਿਰ ਤਲੀ ਤੇ ਰੱਖ ਕੇ ਚੱਲੇ ਸਨ
ਤੂਫ਼ਾਨ ਵੇਖ ਨਾ ਕੰਬੇ ਉਹ।
ਬੇੜਾ ਇਹ ਵੀਰ ਜਵਾਨਾਂ ਦਾ
ਅੱਗੇ ਹੀ ਵਧਦਾ ਜਾਂਦਾ ਸੀ।
ਜਦ ਮੰਜ਼ਿਲ ਨੇੜੇ ਪੁੱਜਿਆ ਉਹ
ਕੁੱਝ ਪਤਵੰਤੇ ਸੱਜਣ ਆ ਪਹੁੰਚੇ
ਉਹ ਆਪ ਨੂੰ ਅਸਲ ਮਲਾਹ ਦੱਸਣ।
ਜੈ ਜੈ ਕਾਰ ਉਨਾਂ ਦੀ ਹੋਈ
ਸਭ ਰਾਹੀਆਂ ਨੇ ਹੱਥ ਵਟਾਏ।
ਜਦੋਂ ਕਿਨਾਰਾ ਨੇੜੇ ਦਿਸਿਆ
ਇਨਾਂ ਮਲਾਹਾਂ ਦੇ ਚਿੱਤ ਅੰਦਰ
ਪਤਾ ਨਹੀਂ ਕੀ ਫ਼ੁਰਨਾ ਫੁਰਿਆ
ਠਿਲਦੇ ਬੇੜੇ ਵਿੱਚ ਉਹਨਾਂ
ਆਪੇ ਉੱਠਕੇ ਛੇਕ ਢਾ ਪਾਏ।
ਬੇੜੇ ਦੇ ਸਭ ਪਾਂਧੀ ਉਹਨਾਂ
ਮੰਝਧਾਰ ਦੇ ਵਿੱਚ ਰੁੜਾਏ।