ਸਾਡਾ ਲੋਕ ਰਾਜ
ਅੱਜ ਲੋਕਾਂ ਦੇ ਰਾਜ ਵਿਚ
ਲੋਕ ਹੋਏ ਨਿਤਾਣੇ।
ਲੋਕ ਰਾਜ ਨੇ ਪਹਿਨ ਲਏ
ਸਾਮਰਾਜੀ ਬਾਣੇ।
ਵੋਟਾਂ ਲੈ ਬਣ ਜਾਂਵਦੇ
ਮੁੜ ਰਾਜੇ ਰਾਣੇ ।
ਲੁੱਟ ਦਾ ਜਾਲ ਵਿਛਾਉਣ ਲਈ
ਕਈ ਤਣਦੇ ਤਾਣੇ।
ਦਰਦ ਦਇਆ ਦੇ ਭਾਵ ਨੂੰ
ਅੱਜ ਕੋਈ ਨਾ ਜਾਣੇ।
ਲੋਕ ਬਣੇ ਮਜ਼ਲੂਮ ਅੱਜ
ਹਾਕਮ ਜਰਵਾਣੇ।
ਮੂਰਖ ਕਹਿਣ ਗ਼ਰੀਬ ਨੂੰ
ਆਪ ਬਣਨ ਸਿਆਣੇ।
ਖ਼ਾਨਦਾਨੀ ਰਾਜੇ ਬਣਨ ਲਈ
ਕਈ ਕਰਨ ਧਿਙਾਣੇ।
ਕਾਰਜ ਕਰਮ ਵਿੱਚ ਜੋੜਦੇ
ਕਈ ਸੁਪਨ ਸੁਹਾਣੇ।
ਪਰ ਪੇਟ ਭਰਨ ਨੂੰ ਦੇਣ ਨਾ
ਭੁੱਖ ਮਰਨ ਨਿਆਣੇ।
ਜੋ ਸਨਮੁਖ ਜ਼ੁਲਮ ਨ ਝੁਕ ਸਕੇ
ਨਿਤ ਅੜਨਾ ਜਾਣੇ।
ਉਹਨੂੰ ਦੇਸ਼ ਧ੍ਰੋਹੀ ਆਖ ਕੇ
ਉਹ ਭੰਡਣ ਕੁੱਲ ਜਹਾਨੇ।
ਡੋਬਣ ਝੱਟ ਮੰਝਧਾਰ ਵਿੱਚ
ਨਿਤ ਨਵੇਂ ਮੁਹਾਣੇ।