ਅਮਰ ਜੀਵਨ ਦਾ ਸ੍ਰੋਤ

ਅੱਜ ਇਸ ਬਾਗ਼ ਦੇ ਖੇੜੇ ਨੂੰ
ਕਿਉਂ ਜਾਲਮਾਂ ਆ ਕੇ ਲੁੱਟਿਆ ਏ
ਕਿਸੇ ਨੇ ਫਲ ਤੋੜੇ,
ਫੁੱਲ ਕਿਸੇ ਨੇ ਮਰੋੜੇ,
ਕਿਸੇ ਨੇ ਜੜ ਤੋਂ ਫੜ ਕੇ
ਬੂਟਾ ਹੀ ਪੁੱਟਿਆ ਏ।
ਜੀਅ ਦਾਨ ਜਿੱਥੋਂ ਮਿਲਦਾ
ਕਤਲਾਮ ਹੋਈ ਓਥੇ
ਦੇਂਦਾ ਜੋ ਅਮਰ ਜੀਵਨ
ਮੌਤ ਆਮ ਹੋਈ ਓਥੇ,
ਅੰਮ੍ਰ੍ਰਿਤ ਬੂੰਦ ਜਿੱਥੇ ਵਰਦੀ
ਵੇਖੋ ਹਨੇਰ ਕਿੰਨਾ
ਮੀਂਹ ਗੋਲੀਆਂ ਦਾ ਵੱਸਿਆ।
ਇਹ ਤਾਂ ਹਰੀ ਦਾ ਮੰਦਰ
ਕਿਸੇ ਨਾ ਉਹਨੂੰ ਦੱਸਿਆ।

ਨਾ ਕੋਈ ਫੋਨ ਨਾ ਤਾਰਾਂ ਪਹੁੰਚਣ
ਇੱਕ ਦੂਜੇ ਤੋਂ ਟੁੱਟ ਗਏ ਸਾਰੇ।
ਤੜਫਣ ਲੁੱਛਣ ਬੈਠ ਘਰਾਂ ਵਿਚ
ਕਿਸੇ ਨਾ ਕੋਈ ਆਦੇਸ਼ ਸੀ ਪਾਇਆ।
ਫਿਰ ਵੀ ਸਿੰਘਾਂ ਘੱਤ ਵਹੀਰਾਂ
ਅੰਮ੍ਰਿਤ ਸਰ ਵੱਲ ਕਦਮ ਵਧਾਇਆ।
ਭਾਵੇਂ ਫ਼ੌਜਾਂ ਉਨਾਂ ਤਾਈਂ ਸੀ
ਸ਼ਹਿਰੋਂ ਬਾਹਰ ਹੀ ਰੋਕ ਰਖਾਇਆ।
ਪਰ ਅੰਦਰ ਬੈਠਿਆਂ ਤਿੰਨ ਦਿਨ ਪੂਰੇ
ਪੇਸ਼ ਫੌਜ ਦੀ ਜਾਣ ਨਾ ਦਿੱਤੀ।
ਤੋਪਾਂ ਦੇ ਮੂੰਹ ਮੋੜ ਵਿਖਾਏ
ਸਿੰਘਾਂ ਐਸਾ ਜ਼ੋਰ ਵਿਖਾਇਆ।
ਦੰਦ ਖੱਟੇ ਜਦ ਹੋਏ ਸੈਨਾ ਦੇ
ਟੈਂਕ ਹਾਕਮਾਂ ਭੇਜ ਸੀ ਦਿੱਤੇ,
ਸਾਡਾ ਹਾਕਮ ਸਾਡੇ ਉੱਤੇ
ਵੈਰੀਆਂ ਵਾਗੂੰ ਚੜਕੇ ਆਇਆ।
ਦੁੱਧ ਚਿੱਟੀ ਪਰਿਕਰਮਾ ਅੰਦਰ
ਨਿਰਦੋਸ਼ ਲਹੂ ਦੀ ਨਦੀ ਵਸਾਈ
ਅੰਮ੍ਰਿਤ ਸਰ ਦੇ ਪਾਵਨ ਜਲ ਵਿੱਚ
ਲਾਲ ਲਹੂ ਦਾ ਰੰਗ ਰਲਾਇਆ।
ਹਰਿ ਦਾ ਮੰਦਰ ਦਿਲ ਜੋ ਸਾਡਾ
ਗੋਲੀਆਂ ਨਾਲ ਛਾਨਣੀ ਕੀਤਾ,
ਗੁਰ ਦੇ ਢਾਡੀਆਂ ਪਾਠੀਆਂ ਨੂੰ ਵੀ
ਜਾਮਿ ਸ਼ਹੀਦੀ ਆਣ ਪਿਲਾਇਆ।
ਗੁਰੂ ਗ੍ਰੰਥ ਸਰੂਪ ਅਨੇਕਾਂ
ਅਗਨ ਭੇਟ ਸੀ ਕੀਤੇ ਉਹਨਾਂ
ਗੋਲੀਆਂ ਨਾਲ ਉਨਾਂ ਦੇ ਸੀਨਿਆਂ
ਸਣੇ ਰੁਮਾਲਾਂ ਵਿੰਨ ਵਿਖਾਇਆ।
ਕਾਲ ਰਹਿਤ ਸਿੰਘਾਸਨ ਗੁਰ ਦਾ
ਵੈਰੀਆਂ ਨੇ ਢਾਹ ਢੇਰੀ ਕੀਤਾ,
ਮੱਸ ਫੁੱਟਦੇ ਲਾਲਾਂ ਨੂੰ ਫੜ ਫੜ
ਸੱਚ ਖੰਡ ਦੇ ਰਸਤੇ ਪਾਇਆ।
ਮਾਵਾਂ ਸਾਹਵੇਂ ਬੱਚੇ ਕੋਹੇ
ਭੈਣਾਂ ਸਨਮੁਖ ਵੀਰ ਕਹਾਏ,
ਰੋਲੇ ਕਈ ਸੁਹਾਗ ਮਿੱਟੀ ਵਿੱਚ
ਬਾਲਾਂ ਤਾਈਂ ਯਤੀਮ ਕਰਾਇਆ।
ਸਰ ਦੇ ਕੰਢੇ ਪਰ ਤ੍ਰਿਹਾਏ
ਮੰਗਿਆਂ ਜਦ ਨਾ ਮਿਲਦਾ ਪਾਣੀ
ਲਹੂ ਪਿਸ਼ਾਬ ਮਿਲਾ ਕੇ ਸ਼ਰਬਤ
ਅੰਤ ਸਮੇਂ ਕਈਆਂ ਮੂੰਹ ਪਾਇਆ
ਕੌਮ ਦੇ ਹੀਰੇ ਲਾਲ ਗੁਰੂ ਦੇ
ਹੱਸਦੇ ਹੱਸਦੇ ਵਾਰ ਗਏ ਆਪਾ,
ਫ਼ਤਹ ਸਿੰਘ ਜਿਹੇ ਬਾਲਾਂ ਨੇ ਵੀ
ਕਾਲ ਸਾਹਵੇਂ ਅਕਾਲ ਗਜਾਇਆ।

ਭੁੱਲ ਚੁੱਕੇ ਇਤਿਹਾਸ ਅਸੀਂ ਜੋ
ਉਹਨਾਂ ਫਿਰ ਸੁਰਜੀਤ ਜਾ ਕੀਤਾ,
ਜਿਨਾਂ ਨੇ ਆਨ ਧਰਮ ਦੀ ਖ਼ਾਤਰ
ਮੌਤ ਖਾੜੀ ਨੂੰ ਹੱਸ਼ ਪਰਨਾਇਆ।
ਸਾਡਾ ਹਾਲ ਨਿਵਾਸ ਜਾਂ ਦਫਤਰ
ਕੋਈ ਨਾ ਬਚਿਆ ਸੈਨਾ ਕੋਲੋਂ
ਹੱਥੀ ਲਿਖੇ ਗ੍ਰੰਥਾਂ ਨੂੰ ਵੀ
ਬਸੰਤਰ ਦੇਵ ਦੀ ਭੇਟ ਚੜਾਇਆ।
ਕਿੰਨੇ ਗੁਰੂ ਦੀ ਗੋਦ ਜਾ ਪਹੁੰਚੇ
ਗਿਣਤੀ ਕਰਕੇ ਦੱਸ ਨਾ ਸਕੀਏ,
ਪੰਜ ਅੰਕਾਂ ਤੋਂ ਵੱਧ ਹੀ ਹੋਸਣ
ਜਿੰਨਿਆਂ ਕੁ ਦਾ ਲਹੂ ਡੁਲਾਇਆ।
ਸਾਰੇ ਪੂਜਯ ਸਥਾਨਾਂ ਅੰਦਰ
ਲਗਭਗ ਇਹੋ ਜਿਹੇ ਸਾਕੇ ਹੋਏ
ਪਰ ਸੈਂਸਰ ਦੇ ਕਾਰਣ ਸਾਨੂੰ
ਸਹੀ ਹਾਲ ਨਾ ਕਿਸੇ ਪੁਚਾਇਆ।
ਰੂਹ ਸਾਡੀ ਨੂੰ ਖੰਡਰ ਕੀਤਾ
ਪਰ ਉਸ ਨੂੰ ਅਸੀਂ ਵੇਖ ਨਾ ਸਕੀਏ।
ਕਾਰ ਸੇਵਾ ਦਾ ਲਾ ਕੇ ਲੇਬਲ
ਹੁਣ ਵਿਗੜੀ ਨੂੰ ਢਾਹੁਣ ਬਣਾਇਆ।
ਰਾਜ ਤਖ਼ਤ ਦੇ ਸਾਬਕਾ ਨੇ ਫਿਰ
ਸੰਤੇ ਨੂੰ ਲਾ ਆਪਨੇ ਅੱਗੇ।
ਸ਼ੇਰ ਦੀ ਖੱਲ ਪਵਾ ਕੇ ਗਧਿਆਂ
ਇਕੱਠ ਖਾਲਸਾ ਕਰ ਦਿਖਲਾਇਆ
ਚਾਂਦੀ ਦੇ ਫੜ ਚਿੱਤਰ ਮਾਰੇ
ਸੀਤੇ ਉਨਾਂ ਨੇ ਨਕਲੀ ਬਾਣੇ,
ਭਈਆ ਲਸ਼ਕਰ ਕਰਕੇ ਕੱਠਾ
ਸਰਬਤ ਖ਼ਾਲਸਾ ਨਾਮ ਧਰਾਇਆ।
ਸਿੱਖ ਕਾਨਵੈਨਸ਼ਨ ਤੇ ਲਾ ਰੋਕਾਂ
ਥਾਂ ਥਾਂ ਫ਼ੌਜ ਦੀ ਟੁਕੜੀ ਭੇਜੀ
ਲੱਖਾਂ ਸਿੰਘਾਂ ਫਿਰ ਵੀ ਜਾ ਕੇ
ਜੌਹਰ ਆਪਣਾ ਖ਼ੂਬ ਦਿਖਾਇਆ
ਨਿਤ ਨਵੀਂ ਪ੍ਰਭਾਤ ਜੋ ਆਵੇ
ਜ਼ੁਲਮ ਦੀ ਨਦੀਂ ਸੁਣਾਏ ਗਾਥਾ
ਫਿਰ ਵੀ ਸਿੰਘਾਂ ਕੱਠੇ ਹੋ ਕੇ
ਸ਼ਾਂਤ ਮਈ ਦਾ ਪ੍ਰਣ ਨਿਭਾਇਆ
ਜਿਨਾਂ ਨੇ ਪੀਤੀ ਪਾਹੁਲ ਖੰਡੇ ਦੀ
ਦੇਸ਼ ਲਈ ਜੋ ਆਪਾ ਵਾਰਨ
ਨਾਲ ਬਹਾਨੇ ਭੁੰਨੇ ਜਾਂਦੇ
ਫਿਰ ਵੀ ਸਿੰਘਾਂ ਦਿਲ ਨਾ ਢਾਹਿਆ
ਖੰਡੇ ਧਾਰ ਚੋਂ ਪੈਦਾ ਹੋਏ
ਗੋਲੀਆਂ ਦੀ ਵਾਛੜ ਵਿਚ ਨਾਉਂਦੇ
ਇੰਦਰਾ ਚੰਡੀ ਦੀ ਇਸ਼ ਛਹਿਬਰ
ਅਜੇ ਨਾ ਸ਼ੇਰਾਂ ਤਾਈਂ ਡੁਲਾਇਆ

2 thoughts on “ਅਮਰ ਜੀਵਨ ਦਾ ਸ੍ਰੋਤ”

Leave a Reply

Your email address will not be published. Required fields are marked *